ਬਾਲੀਵੁੱਡ ‘ਚ ਚਲਦਾ ਹੈ ਭਾਈ ਭਤੀਜਾਵਾਦ, ਐਵਾਰਡ ਛੱਡੋ ‘ਸੱਤਿਆ’ ਨੂੰ ਨਾਮਜ਼ਦਗੀ ਤੱਕ ਵੀ ਨਹੀਂ ਮਿਲੀ ਸੀ : ਉਰਮਿਲਾ ਮਾਤੋਂਡਕਰ

ਬਾਲੀਵੁੱਡ ‘ਚ ਚਲਦਾ ਹੈ ਭਾਈ ਭਤੀਜਾਵਾਦ, ਐਵਾਰਡ ਛੱਡੋ ‘ਸੱਤਿਆ’ ਨੂੰ ਨਾਮਜ਼ਦਗੀ ਤੱਕ ਵੀ ਨਹੀਂ ਮਿਲੀ ਸੀ : ਉਰਮਿਲਾ ਮਾਤੋਂਡਕਰ

ਸੱਤਿਆ ਫਿਲਮ ਸਿਰਫ 2.5 ਕਰੋੜ ਰੁਪਏ ‘ਚ ਬਣੀ ਸੀ, ਪਰ ਇਸ ਫਿਲਮ ਨੂੰ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਕਿ ਇਸ ਫਿਲਮ ਨੇ ਉਸ ਸਮੇਂ 15 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।


ਉਰਮਿਲਾ ਮਾਤੋਂਡਕਰ ਦੀ ਗਿਣਤੀ ਕਿਸੇ ਸਮੇਂ ਬਾਲੀਵੁੱਡ ਦੀ ਟਾਪ ਦੀ ਅਦਾਕਾਰਾਂ ਵਿਚ ਕੀਤੀ ਜਾਂਦੀ ਸੀ। ਬਾਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਦੀ ਗੈਂਗਸਟਰ ਡਰਾਮਾ ਫਿਲਮ ‘ਸੱਤਿਆ’ ਨੇ ਆਪਣੀ ਰਿਲੀਜ਼ ਦੇ 25 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਅਦਾਕਾਰਾ ਨੇ ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਨਾਰਾਜ਼ਗੀ ਜਤਾਈ ਹੈ। ‘ਪੱਖਪਾਤ’ ਅਤੇ ‘ਭਤੀਜਾਵਾਦ’ ਦੀ ਗੱਲ ਵੀ ਕੀਤੀ। ਉਨ੍ਹਾਂ ਨੇ ਫਿਲਮ ਲਈ ਕੋਈ ਐਵਾਰਡ ਜਾਂ ਸਨਮਾਨ ਨਾ ਦਿੱਤੇ ਜਾਣ ‘ਤੇ ਗੁੱਸਾ ਜ਼ਾਹਰ ਕੀਤਾ।

ਤੁਹਾਨੂੰ ਪਤਾ ਹੈ ਕਿ ‘ਸੱਤਿਆ’ ‘ਚ ਮਨੋਜ ਬਾਜਪਾਈ, ਪਰੇਸ਼ ਰਾਵਲ, ਸ਼ੈਫਾਲੀ ਸ਼ਾਹ ਤੋਂ ਲੈ ਕੇ ਕਈ ਦਮਦਾਰ ਅਦਾਕਾਰ ਸਨ। ਫਿਲਮ ਦੀ ਹਰ ਪਾਸੇ ਕਾਫੀ ਤਾਰੀਫ ਹੋਈ ਸੀ। ਸਾਲ 1998 ਵਿੱਚ ਰਾਮ ਗੋਪਾਲ ਵਰਮਾ ਦੁਆਰਾ ਨਿਰਦੇਸ਼ਿਤ ਫਿਲਮ ‘ਸੱਤਿਆ’ ਵਿੱਚ ਉਰਮਿਲਾ ਮਾਤੋਂਡਕਰ ਨੇ ‘ਵਿਦਿਆ’ ਦਾ ਕਿਰਦਾਰ ਨਿਭਾਇਆ ਸੀ। ਉਸਨੇ ਟਵਿੱਟਰ ‘ਤੇ ਆਪਣੀ ਭੂਮਿਕਾ ਨਾਲ ਜੁੜੀਆਂ ਯਾਦਗਾਰੀ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਭਾਈ-ਭਤੀਜਾਵਾਦ ‘ਤੇ ਬਾਲੀਵੁੱਡ ਦੀ ਸਭ ਤੋਂ ਵੱਡੀ ਬਹਿਸ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।

ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ, ‘ਸੱਤਿਆ ਨੇ 25 ਸਾਲ ਪੂਰੇ ਕਰ ਲਏ ਹਨ। ਉਸਨੇ ਉਸ ਸਮੇਂ ਸ਼ਾਨਦਾਰ ਗਲੈਮਰਸ ਕੈਰੀਅਰ ਦੇ ਸਿਖਰ ‘ਤੇ ਹੋਣ ਦੇ ਬਾਵਜੂਦ ਵਿਦਿਆ, ਇੱਕ ਸਧਾਰਨ, ਭੋਲੀ ਭਾਲੀ ਕੁੜੀ ਦਾ ਕਿਰਦਾਰ ਨਿਭਾਇਆ। ਪਰ ਨਹੀਂ, ਇਸ ਦਾ ‘ਐਕਟਿੰਗ’ ਨਾਲ ਕੀ ਲੈਣਾ ਦੇਣਾ ਹੈ। ਇਸ ਫਿਲਮ ਨੂੰ ਕੋਈ ਪੁਰਸਕਾਰ ਨਹੀਂ ਮਿਲਿਆ ਅਤੇ ਨਾ ਹੀ ਕੋਈ ਨਾਮਜ਼ਦਗੀ ਮਿਲੀ ਸੀ। ਉਰਮਿਲਾ ਨੇ ਕਈ ਗਲੈਮਰਸ ਭੂਮਿਕਾਵਾਂ ਵੀ ਨਿਭਾਈਆਂ ਹਨ। ਪਰ ‘ਸੱਤਿਆ’, ‘ਕੌਣ’ ਅਤੇ ‘ਏਕ ਹਸੀਨਾ ਥੀ’ ਵਰਗੀਆਂ ਫਿਲਮਾਂ ‘ਚ ਵੀ ਵੱਖ-ਵੱਖ ਅਤੇ ਆਫਬੀਟ ਕਿਰਦਾਰ ਨਿਭਾ ਚੁਕੀ ਹੈ। ਉਰਮਿਲਾ ਦੀ ਪੋਸਟ ਤੋਂ ਸਾਫ ਹੈ ਕਿ ਉਹ ਇੰਡਸਟਰੀ ‘ਚ ਪੱਖਪਾਤ ਅਤੇ ਭਾਈ-ਭਤੀਜਾਵਾਦ ਵਰਗੀਆਂ ਚੀਜ਼ਾਂ ਤੋਂ ਕਾਫੀ ਪਰੇਸ਼ਾਨ ਹੈ। ਸੱਤਿਆ ਫਿਲਮ ਸਿਰਫ 2.5 ਕਰੋੜ ਰੁਪਏ ‘ਚ ਬਣੀ ਸੀ, ਪਰ ਇਸ ਫਿਲਮ ਨੂੰ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਕਿ ਇਸ ਨੇ ਉਸ ਸਮੇਂ 15 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਸੀ।