ਰਾਹੁਲ ਗਾਂਧੀ ਨੇ ਲੇਹ ‘ਚ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ, ਤਿਰੰਗਾ ਲਹਿਰਾਇਆ, ਦਲਾਈਲਾਮਾ ਨਾਲ ਵੀ ਕਰਨਗੇ ਮੁਲਾਕਾਤ

ਰਾਹੁਲ ਗਾਂਧੀ ਨੇ ਲੇਹ ‘ਚ ਸੇਵਾਮੁਕਤ ਫੌਜੀ ਅਧਿਕਾਰੀਆਂ ਨਾਲ ਕੀਤੀ ਮੁਲਾਕਾਤ, ਤਿਰੰਗਾ ਲਹਿਰਾਇਆ, ਦਲਾਈਲਾਮਾ ਨਾਲ ਵੀ ਕਰਨਗੇ ਮੁਲਾਕਾਤ

ਰਾਹੁਲ 25 ਅਗਸਤ ਨੂੰ ਹੋਣ ਵਾਲੀਆਂ 30 ਮੈਂਬਰੀ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ-ਕਾਰਗਿਲ ਚੋਣਾਂ ਦੀ ਬੈਠਕ ‘ਚ ਵੀ ਸ਼ਾਮਲ ਹੋਣਗੇ।


ਰਾਹੁਲ ਗਾਂਧੀ ਆਪਣੇ ਦੋ ਦਿਨਾਂ ਦੇ ਦੌਰੇ ‘ਤੇ ਲੇਹ ਗਏ ਸਨ, ਪਰ ਉਸਤੋਂ ਬਾਅਦ ਉਨ੍ਹਾਂ ਦਾ ਲੱਦਾਖ ਦੌਰਾ 25 ਅਗਸਤ ਤੱਕ ਵਧਾ ਦਿਤਾ ਗਿਆ ਸੀ। ਸੋਮਵਾਰ ਰਾਤ ਨੂੰ ਉਹ ਲੇਹ ਮਾਰਕੀਟ ਵਿੱਚ ਸੇਵਾਮੁਕਤ ਫੌਜੀ ਅਧਿਕਾਰੀਆਂ ਨੂੰ ਮਿਲੇ। ਰਾਹੁਲ ਨੇ ਉਨ੍ਹਾਂ ਦੇ ਨਾਲ ਤਿਰੰਗਾ ਲਹਿਰਾਇਆ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਇਸ ਦੌਰਾਨ ਬਾਜ਼ਾਰ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ।

ਰਾਹੁਲ ਨੇ ਬਾਜ਼ਾਰ ‘ਚ ਖਰੀਦਦਾਰੀ ਵੀ ਕੀਤੀ। ਕੁਝ ਸਮੇਂ ਬਾਅਦ ਉਹ ਸਬਜ਼ੀ ਦੀ ਦੁਕਾਨ ’ਤੇ ਪੁੱਜੇ ਅਤੇ ਉਥੋਂ ਸਬਜ਼ੀ ਖਰੀਦੀ। ਰਾਹੁਲ ਜਿਵੇਂ ਹੀ ਲੇਹ ਬਾਜ਼ਾਰ ‘ਚ ਪਹੁੰਚੇ ਤਾਂ ਨੌਜਵਾਨਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਭੀੜ ਵਿੱਚੋਂ ਇੱਕ ਬੱਚਾ ਸੁਰੱਖਿਆ ਘੇਰੇ ਵਿੱਚ ਆਟੋਗ੍ਰਾਫ ਲੈਣ ਪਹੁੰਚਿਆ। ਰਾਹੁਲ ਗਾਂਧੀ ਨੇ ਬੱਚੇ ਨੂੰ ਆਟੋਗ੍ਰਾਫ ਦਿੱਤਾ ਅਤੇ ਇਕੱਠੇ ਫੋਟੋਆਂ ਖਿਚਵਾਈਆਂ। ਸੋਮਵਾਰ ਨੂੰ ਰਾਹੁਲ ਪੈਂਗੋਂਗ ਤਸੋ ਝੀਲ ਤੋਂ ਸਾਈਕਲ ਚਲਾ ਕੇ 264 ਕਿਲੋਮੀਟਰ ਦੂਰ ਖਾਰਦੁੰਗ ਲਾ ਪਹੁੰਚੇ। ਇੱਥੇ ਉਨ੍ਹਾਂ ਨੇ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ।

ਰਾਹੁਲ ਦੋ ਦਿਨਾਂ (17-18 ਅਗਸਤ) ਦੇ ਦੌਰੇ ‘ਤੇ ਲੱਦਾਖ ਗਏ ਸਨ, ਪਰ 18 ਅਗਸਤ ਨੂੰ ਉਨ੍ਹਾਂ ਦਾ ਦੌਰਾ 25 ਅਗਸਤ ਤੱਕ ਵਧਾ ਦਿੱਤਾ ਗਿਆ ਸੀ। ਸ਼ਨੀਵਾਰ (19 ਅਗਸਤ) ਨੂੰ ਰਾਹੁਲ ਨੇ ਲੱਦਾਖ ਤੋਂ ਪੈਂਗੋਂਗ ਤਸੋ ਝੀਲ ਤੱਕ ਬਾਈਕ ਸਵਾਰੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਐਤਵਾਰ (20 ਅਗਸਤ) ਨੂੰ ਪੈਂਗੋਂਗ ਤਸੋ ਝੀਲ ਦੇ ਕੰਢੇ ਆਪਣੇ ਪਿਤਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ।

ਰਾਹੁਲ 25 ਅਗਸਤ ਨੂੰ ਹੋਣ ਵਾਲੀਆਂ 30 ਮੈਂਬਰੀ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ-ਕਾਰਗਿਲ ਚੋਣਾਂ ਦੀ ਬੈਠਕ ‘ਚ ਵੀ ਸ਼ਾਮਲ ਹੋਣਗੇ। 20 ਅਗਸਤ ਨੂੰ ਰਾਹੁਲ ਗਾਂਧੀ ਨੇ ਲੱਦਾਖ ਵਿੱਚ ਚੀਨੀ ਘੁਸਪੈਠ ਦਾ ਦਾਅਵਾ ਕੀਤਾ ਸੀ। ਕਾਂਗਰਸੀ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਭਾਰਤ ਦੀ ਇਕ ਇੰਚ ਵੀ ਜ਼ਮੀਨ ਨਹੀਂ ਗਈ। ਇੱਥੋਂ ਦੇ ਲੋਕਾਂ ਨੇ ਮੈਨੂੰ ਦੱਸਿਆ ਕਿ ਲੱਦਾਖ ਵਿੱਚ ਦਾਖਲ ਹੋ ਕੇ ਚੀਨ ਨੇ ਉਨ੍ਹਾਂ ਦੀ ਜ਼ਮੀਨ ਖੋਹ ਲਈ ਹੈ। ਕੇਂਦਰੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਰਾਹੁਲ ‘ਤੇ ਪਲਟਵਾਰ ਕਰਦੇ ਹੋਏ ਕਿਹਾ, “ਕਾਂਗਰਸ ਨੇ ਹਿੰਦੀ-ਚੀਨੀ ਭਾਈ-ਭਾਈ ਦੀ ਮਾਲਾ ਜੱਪ ਕੇ ਚੀਨ ਨੂੰ ਭਾਰਤ ਮਾਂ ਦਾ 45,000 ਵਰਗ ਕਿਲੋਮੀਟਰ ਹਿੱਸਾ ਦਿੱਤਾ।” ਕਾਂਗਰਸ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।