ਰੈਪਰ ਹਨੀ ਸਿੰਘ ਨਾਲ ਜੁੜੇ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਲਿਆਂਦਾ ਜਾਵੇਗਾ ਦਿੱਲੀ

ਰੈਪਰ ਹਨੀ ਸਿੰਘ ਨਾਲ ਜੁੜੇ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੁੜ ਲਿਆਂਦਾ ਜਾਵੇਗਾ ਦਿੱਲੀ

ਹਨੀ ਸਿੰਘ ਮੁਤਾਬਕ ਕੈਨੇਡਾ ‘ਚ ਬੈਠੇ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਉਸਨੂੰ ਫੋਨ ਅਤੇ ਵੌਇਸ ਨੋਟ ਦੋਵਾਂ ‘ਤੇ ਧਮਕੀਆਂ ਦਿੱਤੀਆਂ ਹਨ।


ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਮਸ਼ਹੂਰ ਰੈਪਰ ਹਨੀ ਸਿੰਘ ਨੂੰ ਧਮਕੀ ਦੇਣ ਦੇ ਮਾਮਲੇ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਮਿਲਿਆ ਹੈ। ਹੁਣ ਦਿੱਲੀ ਪੁਲਿਸ ਉਸ ਨੂੰ ਦਿੱਲੀ ਵਾਪਸ ਲਿਆਵੇਗੀ। ਇਸ ਸਮੇਂ ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ। ਦੱਸ ਦੇਈਏ ਕਿ ਪੁਲਿਸ ਨੂੰ ਫਿਰੌਤੀ ਦੇ ਇੱਕ ਮਾਮਲੇ ਵਿੱਚ ਬਿਸ਼ਨੋਈ ਦੇ ਖਿਲਾਫ ਪ੍ਰੋਡਕਸ਼ਨ ਵਾਰੰਟ ਮਿਲਿਆ ਹੈ।

ਪ੍ਰੋਡਕਸ਼ਨ ਵਾਰੰਟ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਹੁਣ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਤੋਂ ਦਿੱਲੀ ਲਿਆਏਗੀ ਅਤੇ ਫਿਰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਸਪੈਸ਼ਲ ਸੈੱਲ ਬਿਸ਼ਨੋਈ ਦੀ ਹਿਰਾਸਤ ਦੀ ਮੰਗ ਕਰੇਗਾ। ਜੇਕਰ ਬਿਸ਼ਨੋਈ ਦੀ ਹਿਰਾਸਤ ਸਪੈਸ਼ਲ ਸੈੱਲ ਨੂੰ ਦਿੱਤੀ ਜਾਂਦੀ ਹੈ ਤਾਂ ਹਿਰਾਸਤ ਦੌਰਾਨ ਰੈਪਰ ਹਨੀ ਸਿੰਘ ਨੂੰ ਧਮਕੀਆਂ ਦੇਣ ਦੇ ਮਾਮਲੇ ‘ਚ ਵੀ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ ਜਾਵੇਗੀ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰੈਪਰ ਹਨੀ ਸਿੰਘ ਨੇ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨਾਲ ਮੁਲਾਕਾਤ ਕੀਤੀ ਸੀ। ਇਸ ਮੀਟਿੰਗ ਵਿੱਚ ਉਨ੍ਹਾਂ ਨੇ ਦਿੱਲੀ ਪੁਲਿਸ ਨੂੰ ਕੁਝ ਧਮਕੀ ਭਰੇ ਆਡੀਓਜ਼ ਸੌਂਪੇ। ਰੈਪਰ ਹਨੀ ਸਿੰਘ ਦਾ ਦਾਅਵਾ ਹੈ ਕਿ ਉਸ ਨੂੰ ਗੈਂਗਸਟਰ ਗੋਲਡੀ ਬਰਾੜ ਵੱਲੋਂ ਵਿਦੇਸ਼ੀ ਨੰਬਰ ਤੋਂ ਧਮਕੀ ਭਰੀ ਕਾਲ ਆਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਨੀ ਸਿੰਘ ਨੂੰ ਧਮਕੀ ਦੇਣ ਦੀ ਜਾਂਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਸੌਂਪ ਦਿੱਤੀ ਗਈ ਹੈ। ਸਪੈਸ਼ਲ ਸੈੱਲ ਨੇ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਕੀਤੀ ਹੈ।

ਹਨੀ ਸਿੰਘ ਮੁਤਾਬਕ ਕੈਨੇਡਾ ‘ਚ ਬੈਠੇ ਬਿਸ਼ਨੋਈ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਉਸ ਨੂੰ ਫੋਨ ਅਤੇ ਵੌਇਸ ਨੋਟ ਦੋਵਾਂ ‘ਤੇ ਧਮਕੀਆਂ ਦਿੱਤੀਆਂ ਹਨ। ਗੋਲਡੀ ਨੇ ਹਨੀ ਸਿੰਘ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਕਰੀਬੀ ਦੋਸਤ ਹੈ। ਉਹ ਕੈਨੇਡਾ ਤੋਂ ਹੀ ਲਾਰੈਂਸ ਬਿਸ਼ਨੋਈ ਗੈਂਗ ਲਈ ਕੰਮ ਕਰਦਾ ਹੈ। ਗੋਲਡੀ ਬਰਾੜ ਵੀ ਸਿੱਧੂ ਮੂਸੇਵਾਲਾ ਕੇਸ ਦਾ ਅਹਿਮ ਮੁਲਜ਼ਮ ਹੈ। ਉਸਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ।