ਪੰਜਾਬ ‘ਚ ਸਰਕਾਰ ਤੇ ਪਟਵਾਰੀ-ਕਾਨੂੰਗੋ ਆਹਮੋ-ਸਾਹਮਣੇ, ਕਲਮਛੋੜ ਹੜਤਾਲ ਨਹੀਂ, ਪਰ 3193 ਪਟਵਾਰ ਸਰਕਲ ਰਹਿਣਗੇ ਖਾਲੀ

ਪੰਜਾਬ ‘ਚ ਸਰਕਾਰ ਤੇ ਪਟਵਾਰੀ-ਕਾਨੂੰਗੋ ਆਹਮੋ-ਸਾਹਮਣੇ, ਕਲਮਛੋੜ ਹੜਤਾਲ ਨਹੀਂ, ਪਰ 3193 ਪਟਵਾਰ ਸਰਕਲ ਰਹਿਣਗੇ ਖਾਲੀ

ਪਟਵਾਰੀ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੇ, ਪਰ ਪਟਵਾਰੀਆਂ ਵਿਰੁੱਧ ਜੋ ਵੀ ਜਾਂਚ ਹੁੰਦੀ ਹੈ, ਉਹ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਇਹ ਜਾਂਚ 17-ਏ ਤਹਿਤ ਹੋਣੀ ਚਾਹੀਦੀ ਹੈ।

ਭਗਵੰਤ ਮਾਨ ਦੀ ESMA ਦੀ ਚੇਤਾਵਨੀ ਦੇ ਬਾਵਜੂਦ ਪਟਵਾਰੀ ਹੜਤਾਲ ‘ਤੇ ਚਲੇ ਗਏ ਹਨ। ਰੈਵੀਨਿਊ ਪਟਵਾਰ ਯੂਨੀਅਨ ਨੇ 3193 ਸਰਕਲਾਂ ਵਿੱਚ ਕਲਮ ਛੋੜ ਹੜਤਾਲ ਦੇ ਐਲਾਨ ਨੂੰ ਮੁੱਖ ਰੱਖਦਿਆਂ ਅੱਜ ਤੋਂ ਸੂਬੇ ਵਿੱਚ ਹੜਤਾਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਐਸਮਾ ਕਾਨੂੰਨ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣ ਦਾ ਐਲਾਨ ਵੀ ਕੀਤਾ ਹੈ।

ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਅਤੇ ਕਾਨੂੰਗੋ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਪਟਵਾਰੀਆਂ ਦੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਐਲਾਨੇ 5000 ਰੁਪਏ ਦੀ ਬਜਾਏ ਮੁੱਢਲੀ ਤਨਖ਼ਾਹ ਦਿੱਤੀ ਜਾਵੇ ਅਤੇ ਟਰੇਨਿੰਗ ਪੀਰੀਅਡ ਇੱਕ ਸਾਲ ਕਰਕੇ ਪਟਵਾਰੀਆਂ ਦੇ ਤਨਖ਼ਾਹ ਦੇ ਫ਼ਰਕ ਨੂੰ ਖ਼ਤਮ ਕੀਤਾ ਜਾਵੇ।

ਐਸਮਾ ਸਬੰਧੀ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਅਤੇ ਐਸਮਾ ਲਾਗੂ ਕਰਨ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਤੋਂ 3193 ਸਰਕਲਾਂ ਵਿੱਚ ਪਟਵਾਰੀ ਅਤੇ ਕਾਨੂੰਗੋ ਹੜਤਾਲ ਸ਼ੁਰੂ ਕਰਨਗੇ। ਦੋਵਾਂ ਆਗੂਆਂ ਨੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੀ ਹਮਾਇਤ ਨਹੀਂ ਕਰਦੇ, ਪਰ ਪਟਵਾਰੀਆਂ ਵਿਰੁੱਧ ਜੋ ਵੀ ਜਾਂਚ ਹੁੰਦੀ ਹੈ, ਉਹ ਨਿਯਮਾਂ ਅਨੁਸਾਰ ਹੋਣੀ ਚਾਹੀਦੀ ਹੈ ਅਤੇ ਇਹ ਜਾਂਚ 17-ਏ ਤਹਿਤ ਹੋਣੀ ਚਾਹੀਦੀ ਹੈ।

ਆਗੂਆਂ ਨੇ ਇਹ ਵੀ ਕਿਹਾ ਕਿ ਖਾਲੀ ਅਸਾਮੀਆਂ ਨੂੰ ਨਾ ਭਰਨਾ ਅਤੇ ਕੰਮ ਕਰਨ ਵਾਲਿਆਂ ’ਤੇ ਕੰਮ ਦਾ ਵੱਧ ਬੋਝ ਪਾਉਣਾ ਵੀ ਸਰਕਾਰੀ ਭ੍ਰਿਸ਼ਟਾਚਾਰ ਦਾ ਹੀ ਇੱਕ ਰੂਪ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਤਰੱਕੀ ਸਮੇਂ ਤਜ਼ਰਬਾ 7 ਸਾਲ ਤੋਂ ਘਟਾ ਕੇ ਪੰਜ ਸਾਲ ਕੀਤਾ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੱਛਲੇ ਦਿਨੀ ਮੁਲਾਜ਼ਮਾਂ ਪ੍ਰਤੀ ਸਖ਼ਤ ਰਵੱਈਆ ਅਪਣਾਇਆ ਸੀ । ਕੱਲ੍ਹ ਉਨ੍ਹਾਂ ਪੈਨ ਛੱਡ ਹੜਤਾਲ ’ਤੇ ਜਾਣ ਵਾਲਿਆਂ ਨੂੰ ਸਿੱਧੀ ਚਿਤਾਵਨੀ ਦਿੱਤੀ ਸੀ ।

ਮਾਨ ਨੇ ਕਿਹਾ ਸੀ ਕਿ ਕਈ ਪੜ੍ਹੇ-ਲਿਖੇ ਬੇਰੁਜ਼ਗਾਰ ਕਲਮਾਂ ਫੜ ਕੇ ਬੈਠੇ ਹਨ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਮੁੜ ਟਵੀਟ ਕਰਕੇ ਹੜਤਾਲ ਦੀ ਧਮਕੀ ਦੇਣ ਵਾਲਿਆਂ ਨੂੰ ਆੜੇ ਹੱਥੀਂ ਲਿਆ ਸੀ । ਉਨ੍ਹਾਂ ਕਿਹਾ ਸੀ ਕਿ ਪੰਜਾਬ ਸਰਕਾਰ ਤੋਂ ਮੋਟੀਆਂ ਤਨਖਾਹਾਂ ਲੈਣ ਵਾਲੇ ਕਹਿ ਰਹੇ ਹਨ ਕਿ ਕਲਮਛੋੜ ਹੜਤਾਲ ਕਰਨਗੇ। ਭਗਵੰਤ ਮਾਨ ਨੇ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਕਿਹਾ ਸੀ ਕਿ ਤੁਸੀਂ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਹੇ।