ਹਿੰਡਨਬਰਗ ਰਿਪੋਰਟ ਝੂਠੀ, ਇਸ ਰਿਪੋਰਟ ਦਾ ਉਦੇਸ਼ ਮੇਰੀ ਸਾਖ ਨੂੰ ਖਰਾਬ ਕਰਨਾ ਸੀ : ਗੌਤਮ ਅਡਾਨੀ

ਹਿੰਡਨਬਰਗ ਰਿਪੋਰਟ ਝੂਠੀ, ਇਸ ਰਿਪੋਰਟ ਦਾ ਉਦੇਸ਼ ਮੇਰੀ ਸਾਖ ਨੂੰ ਖਰਾਬ ਕਰਨਾ ਸੀ : ਗੌਤਮ ਅਡਾਨੀ

ਅਡਾਨੀ ਗਰੁੱਪ ਇਸ ਸਮੇਂ 7 ਹਵਾਈ ਅੱਡੇ ਚਲਾ ਰਿਹਾ ਹੈ। ਇਹ ਅਹਿਮਦਾਬਾਦ, ਲਖਨਊ, ਮੰਗਲੁਰੂ, ਮੁੰਬਈ, ਗੁਹਾਟੀ, ਜੈਪੁਰ ਅਤੇ ਤਿਰੂਵਨੰਤਪੁਰਮ ਹਨ।


ਹਿੰਡਨਬਰਗ ਦੀ ਰਿਪੋਰਟ ਆਉਣ ਤੋਂ ਬਾਅਦ ਗੌਤਮ ਅਡਾਨੀ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਭਾਰਤੀ ਅਰਬਪਤੀ ਗੌਤਮ ਅਡਾਨੀ ਨੇ ਅਮਰੀਕਾ ਸਥਿਤ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਨੂੰ ਗਲਤ ਦੱਸਿਆ। ਗੌਤਮ ਅਡਾਨੀ ਨੇ ਇਹ ਗੱਲ ਅਡਾਨੀ ਇੰਟਰਪ੍ਰਾਈਜਿਜ਼ ਦੀ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ।

ਗੌਤਮ ਅਡਾਨੀ ਨੇ ਕਿਹਾ ਕਿ ਹਿੰਡਨਬਰਗ ਦੀ ਰਿਪੋਰਟ ਦਾ ਮਕਸਦ ਸਾਡੀ ਸਾਖ ਨੂੰ ਨੁਕਸਾਨ ਪਹੁੰਚਾ ਕੇ ਮੁਨਾਫਾ ਕਮਾਉਣਾ ਸੀ। 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਨੇ ਅਡਾਨੀ ਸਮੂਹ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਰਿਪੋਰਟ ‘ਚ ਗਰੁੱਪ ‘ਤੇ ਮਨੀ ਲਾਂਡਰਿੰਗ ਤੋਂ ਲੈ ਕੇ ਸ਼ੇਅਰ ਹੇਰਾਫੇਰੀ ਤੱਕ ਦੇ ਦੋਸ਼ ਲਗਾਏ ਗਏ ਸਨ। ਇਸ ਤੋਂ ਬਾਅਦ ਗਰੁੱਪ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ । ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਦਾ ਸ਼ੇਅਰ ਲਗਭਗ 3500 ਰੁਪਏ ਤੋਂ ਡਿੱਗ ਕੇ 1000 ਰੁਪਏ ਦੇ ਕਰੀਬ ਆ ਗਿਆ ਸੀ।

ਗੌਤਮ ਅਡਾਨੀ ਨੇ ਕਿਹਾ ਕਿ ਭਾਰਤ ਜੋ ਪਹਿਲਾਂ ਹੀ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ, 2030 ਤੋਂ ਪਹਿਲਾਂ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣ ਜਾਵੇਗਾ। ਇਸ ਦੇ ਨਾਲ ਹੀ 2050 ਤੱਕ ਇਹ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗੀ। ਅਡਾਨੀ ਨੇ ਕਿਹਾ, ‘ਮੇਰਾ ਅੰਦਾਜ਼ਾ ਹੈ ਕਿ ਅਗਲੇ ਦਹਾਕੇ ਵਿਚ ਭਾਰਤ ਹਰ 18 ਮਹੀਨਿਆਂ ਵਿਚ ਆਪਣੀ ਜੀਡੀਪੀ ਵਿਚ ਇਕ ਟ੍ਰਿਲੀਅਨ ਡਾਲਰ ਜੋੜਨਾ ਸ਼ੁਰੂ ਕਰ ਦੇਵੇਗਾ।’ ਗੌਤਮ ਅਡਾਨੀ ਨੇ ਕਿਹਾ ਕਿ ਦੋ ਵੱਡੇ ਪ੍ਰੋਜੈਕਟਾਂ ਵਿੱਚ ਨਵੀਂ ਮੁੰਬਈ ਏਅਰਪੋਰਟ ਅਤੇ ਕਾਪਰ ਸਮੈਲਟਰ ਸ਼ਾਮਲ ਹਨ। ਦੋਵੇਂ ਸਮੇਂ ਸਿਰ ਪੂਰੇ ਹੋਣਗੇ। ਨਵੀਂ ਮੁੰਬਈ ਹਵਾਈ ਅੱਡਾ ਦਸੰਬਰ 2024 ਤੱਕ ਚਾਲੂ ਹੋ ਜਾਵੇਗਾ।

ਅਡਾਨੀ ਗਰੁੱਪ ਇਸ ਸਮੇਂ 7 ਹਵਾਈ ਅੱਡੇ ਚਲਾ ਰਿਹਾ ਹੈ। ਇਹ ਅਹਿਮਦਾਬਾਦ, ਲਖਨਊ, ਮੰਗਲੁਰੂ, ਮੁੰਬਈ, ਗੁਹਾਟੀ, ਜੈਪੁਰ ਅਤੇ ਤਿਰੂਵਨੰਤਪੁਰਮ ਹਨ। ਗਰੁੱਪ ਦੀ ਕਾਰਗੁਜ਼ਾਰੀ ‘ਤੇ ਉਨ੍ਹਾਂ ਕਿਹਾ ਕਿ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੇ ਵਿੱਤੀ ਸਾਲ 22-23 ਲਈ ਨਵੇਂ ਰਿਕਾਰਡ ਬਣਾਏ ਹਨ। ਵਿੱਤੀ ਸਾਲ 23 ‘ਚ ਅਡਾਨੀ ਗਰੁੱਪ ਦੀ ਕੁੱਲ ਆਮਦਨ 85 ਫੀਸਦੀ ਵਧ ਕੇ 2,62,499 ਕਰੋੜ ਰੁਪਏ ਹੋ ਗਈ। ਸ਼ੁੱਧ ਲਾਭ 82% ਵਧ ਕੇ 23,509 ਕਰੋੜ ਰੁਪਏ ਹੋ ਗਿਆ। ਬੈਲੇਂਸ ਸ਼ੀਟ, ਓਪਰੇਟਿੰਗ ਕੈਸ਼ ਫਲੋ ਨੂੰ ਮਜ਼ਬੂਤ ​​ਕਰਨਾ ਜਾਰੀ ਹੈ। ਗੌਤਮ ਅਡਾਨੀ ਨੇ ਕਿਹਾ ਕਿ NDTV ਵਿਸ਼ਵਵਿਆਪੀ ਦਰਸ਼ਕਾਂ ਦੀ ਸੇਵਾ ਕਰਨ ਲਈ ਆਪਣੇ ਅੰਤਰਰਾਸ਼ਟਰੀ ਪ੍ਰੋਗਰਾਮਿੰਗ ਅਤੇ ਕਵਰੇਜ ਦਾ ਵਿਸਤਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਕ੍ਰੈਡਿਟ ਰੇਟਿੰਗ ਬਾਰੇ ਉਨ੍ਹਾਂ ਕਿਹਾ ਕਿ ਅਡਾਨੀ ਗਰੁੱਪ ਨੇ ਅੰਤਰਰਾਸ਼ਟਰੀ ਨਿਵੇਸ਼ਕਾਂ ਤੋਂ ਕਈ ਅਰਬ ਡਾਲਰ ਇਕੱਠੇ ਕੀਤੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ ਕਿਸੇ ਵੀ ਕ੍ਰੈਡਿਟ ਏਜੰਸੀ ਨੇ ਅਡਾਨੀ ਸਮੂਹ ਦੀ ਰੇਟਿੰਗ ਨੂੰ ਘੱਟ ਨਹੀਂ ਕੀਤਾ ਹੈ।