- ਅੰਤਰਰਾਸ਼ਟਰੀ
- No Comment
ਜੇਲ੍ਹ ‘ਚ ਬੰਦ ਇਮਰਾਨ ਖਾਨ ‘ਤੇ ਹਰ ਮਹੀਨੇ ਖਰਚ ਹੁੰਦੇ ਹਨ 12 ਲੱਖ ਰੁਪਏ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦਾ ਖਾਣਾ ਵੀ ਵੱਖਰਾ ਪਕਾਇਆ ਜਾਂਦਾ ਹੈ
ਆਮ ਤੌਰ ‘ਤੇ ਹਰ 10 ਕੈਦੀਆਂ ਦੀ ਰਾਖੀ ਲਈ ਜੇਲ੍ਹ ਵਿੱਚ ਇੱਕ ਮੁਲਾਜ਼ਮ ਤਾਇਨਾਤ ਹੁੰਦਾ ਹੈ। ਪਰ ਇਕੱਲੇ ਇਮਰਾਨ ਖਾਨ ਦੀ ਸੁਰੱਖਿਆ ਲਈ 14 ਸੁਰੱਖਿਆ ਕਰਮਚਾਰੀ ਅਡਿਆਲਾ ਜੇਲ ‘ਚ ਮੌਜੂਦ ਹਨ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਜੇਲ ਵਿਚ ਵੀ ਬਾਦਸ਼ਾਹ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ। ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ 7 ਸੈੱਲ ਅਲਾਟ ਕੀਤੇ ਗਏ ਹਨ। ਆਮ ਤੌਰ ‘ਤੇ ਹਰ 10 ਕੈਦੀਆਂ ਦੀ ਰਾਖੀ ਲਈ ਜੇਲ੍ਹ ਵਿੱਚ ਇੱਕ ਮੁਲਾਜ਼ਮ ਤਾਇਨਾਤ ਹੁੰਦਾ ਹੈ। ਪਰ ਇਕੱਲੇ ਖਾਨ ਦੀ ਸੁਰੱਖਿਆ ਲਈ 14 ਸੁਰੱਖਿਆ ਕਰਮਚਾਰੀ ਅਡਿਆਲਾ ਜੇਲ ‘ਚ ਮੌਜੂਦ ਹਨ। ਇੰਨਾ ਹੀ ਨਹੀਂ ਜੇਲ੍ਹ ਵਿੱਚ ਇਮਰਾਨ ਖਾਨ ਲਈ ਵੱਖਰਾ ਖਾਣਾ ਤਿਆਰ ਕੀਤਾ ਜਾਂਦਾ ਹੈ। ਇਹ ਹੋਰ ਕੈਦੀਆਂ ਨੂੰ ਨਹੀਂ ਦਿੱਤਾ ਜਾਂਦਾ ਹੈ।
ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਲਾਹੌਰ ਹਾਈ ਕੋਰਟ ‘ਚ ਸੁਣਵਾਈ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਖਾਨ ਦੀ ਸੁਰੱਖਿਆ ਲਈ ਹਰ ਮਹੀਨੇ ਕਰੀਬ 12 ਲੱਖ ਪਾਕਿਸਤਾਨੀ ਰੁਪਏ (3.62 ਲੱਖ ਭਾਰਤੀ ਰੁਪਏ) ਖਰਚੇ ਜਾਂਦੇ ਹਨ। ਦਰਅਸਲ, ਇਮਰਾਨ ਖਾਨ ਪਿਛਲੇ ਸਾਲ ਅਗਸਤ ਤੋਂ ਪਾਕਿਸਤਾਨ ਦੀ ਜੇਲ੍ਹ ਵਿੱਚ ਹਨ। ਤੋਸ਼ਾਖਾਨਾ ਕੇਸ ਵਿੱਚ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇਲਾਵਾ ਪਾਕਿਸਤਾਨ ‘ਚ ਇਸ ਸਾਲ ਫਰਵਰੀ ‘ਚ ਹੋਈਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਖਾਨ ਨੂੰ ਤਿੰਨ ਮਾਮਲਿਆਂ ‘ਚ ਕੁੱਲ 31 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਹਾਈਕੋਰਟ ‘ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਖਾਲਿਦ ਇਸਹਾਕ ਨੇ ਕਿਹਾ, “ਜੇਲ ‘ਚ ਖਾਨ ਦੀ ਕੋਠੜੀ ਦੇ ਆਲੇ-ਦੁਆਲੇ 6 ਸੈੱਲ ਉਸ ਲਈ ਰਾਖਵੇਂ ਰੱਖੇ ਗਏ ਹਨ। ਇਸ ਤੋਂ ਇਲਾਵਾ ਉੱਥੇ ਵਾਧੂ ਸੀਸੀਟੀਵੀ ਵੀ ਲਗਾਏ ਗਏ ਹਨ। ਇਮਰਾਨ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਗੱਲ ਨੂੰ ਧਿਆਨ ‘ਚ ਰੱਖਿਆ ਗਿਆ ਹੈ। ਉਸ ਨੂੰ ਮਿਲਣ ਵਾਲਿਆਂ ‘ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ।” ਖਾਨ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਲਾਹੌਰ ਹਾਈ ਕੋਰਟ ‘ਚ ਉਨ੍ਹਾਂ ਨੂੰ ਪੂਰੀ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਹੈ। ਫਿਲਹਾਲ ਚੀਫ ਜਸਟਿਸ ਮਲਿਕ ਸ਼ਹਿਜ਼ਾਦ ਅਹਿਮਦ ਖਾਨ ਨੇ ਮਾਮਲੇ ਦੀ ਸੁਣਵਾਈ 16 ਅਪ੍ਰੈਲ ਤੱਕ ਮੁਲਤਵੀ ਕਰ ਦਿੱਤੀ ਹੈ।