ਸੰਯੁਕਤ ਰਾਸ਼ਟਰ ਨਿਰਪੱਖ ਚੋਣਾਂ ‘ਤੇ ਸਾਨੂੰ ਭਾਸ਼ਣ ਨਾ ਦੇਵੇ, ਲੋਕ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਗੇ : ਐਸ. ਜੈਸ਼ੰਕਰ

ਸੰਯੁਕਤ ਰਾਸ਼ਟਰ ਨਿਰਪੱਖ ਚੋਣਾਂ ‘ਤੇ ਸਾਨੂੰ ਭਾਸ਼ਣ ਨਾ ਦੇਵੇ, ਲੋਕ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣਗੇ : ਐਸ. ਜੈਸ਼ੰਕਰ

ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ “ਭਾਰਤ ਦੀ ਚੋਣ ਅਤੇ ਕਾਨੂੰਨੀ ਪ੍ਰਕਿਰਿਆ ‘ਤੇ ਕਿਸੇ ਵੀ ਹੋਰ ਦੇਸ਼ ਦੀਆਂ ਟਿੱਪਣੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।” ਭਾਰਤ ‘ਚ ਚੋਣ ਪ੍ਰਕਿਰਿਆ ਕਾਨੂੰਨ ਦੇ ਨਿਯਮ ਦੇ ਮੁਤਾਬਕ ਚੱਲਦੀ ਹੈ।

ਐਸ. ਜੈਸ਼ੰਕਰ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਭਾਰਤ ਵਿੱਚ ਨਿਰਪੱਖ ਚੋਣਾਂ ਨੂੰ ਲੈ ਕੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ, “ਭਾਰਤ ਵਿੱਚ ਚੋਣਾਂ ਕਿਵੇਂ ਹੋਣੀਆਂ ਚਾਹੀਦੀਆਂ ਹਨ, ਇਹ ਦੱਸਣ ਲਈ ਕਿਸੇ ਵੀ ਗਲੋਬਲ ਸੰਸਥਾ ਦੀ ਲੋੜ ਨਹੀਂ ਹੈ। ਮੇਰੇ ਨਾਲ ਭਾਰਤ ਦੇ ਲੋਕ ਹਨ।”

ਐਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੇ ਲੋਕ ਇਹ ਯਕੀਨੀ ਬਣਾਉਣਗੇ ਕਿ ਚੋਣਾਂ ਆਜ਼ਾਦ ਅਤੇ ਨਿਰਪੱਖ ਹੋਣ। ਇਸ ਬਾਰੇ ਕੋਈ ਚਿੰਤਾ ਨਹੀਂ ਹੈ।” ਜੈਸ਼ੰਕਰ ਨੇ ਇਹ ਬਿਆਨ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰਿਕ ਦੀ ਟਿੱਪਣੀ ਤੋਂ ਬਾਅਦ ਦਿੱਤਾ ਹੈ। 29 ਮਾਰਚ ਨੂੰ ਸਟੀਫਨ ਨੇ ਕਿਹਾ ਸੀ, “ਸਾਨੂੰ ਉਮੀਦ ਹੈ ਕਿ ਭਾਰਤ ਵਿੱਚ ਹਰ ਕਿਸੇ ਦੇ ਅਧਿਕਾਰਾਂ ਦੀ ਰੱਖਿਆ ਕੀਤੀ ਜਾਵੇਗੀ। ਭਾਰਤ ਵਿੱਚ ਇਹ ਚੋਣਾਂ ਦਾ ਸਮਾਂ ਹੈ, ਇਸ ਲਈ ਸਾਰੇ ਨਾਗਰਿਕਾਂ ਨੂੰ ਨਿਰਪੱਖ ਮਾਹੌਲ ਵਿੱਚ ਵੋਟ ਪਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ।”

ਪ੍ਰੈੱਸ ਕਾਨਫਰੰਸ ਦੌਰਾਨ ਦੁਜਾਰਿਕ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਭਾਰਤ ‘ਚ ਬਣੇ ਸਿਆਸੀ ਮਾਹੌਲ ਬਾਰੇ ਪੁੱਛਿਆ ਗਿਆ। ਇਸ ਦੇ ਜਵਾਬ ਵਿੱਚ ਸਟੀਫਨ ਨੇ ਨਿਰਪੱਖ ਚੋਣਾਂ ਕਰਵਾਉਣ ਦੀ ਗੱਲ ਕਹੀ ਸੀ। ਦਰਅਸਲ ਅਮਰੀਕਾ ਅਤੇ ਜਰਮਨੀ ਸਮੇਤ ਸੰਯੁਕਤ ਰਾਸ਼ਟਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਚਿੰਤਾ ਪ੍ਰਗਟਾਈ ਹੈ। ਇਸ ‘ਤੇ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ “ਭਾਰਤ ਦੀ ਚੋਣ ਅਤੇ ਕਾਨੂੰਨੀ ਪ੍ਰਕਿਰਿਆ ‘ਤੇ ਕਿਸੇ ਵੀ ਹੋਰ ਦੇਸ਼ ਦੀਆਂ ਟਿੱਪਣੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਭਾਰਤ ‘ਚ ਚੋਣ ਪ੍ਰਕਿਰਿਆ ਕਾਨੂੰਨ ਦੇ ਨਿਯਮ ਦੇ ਮੁਤਾਬਕ ਚੱਲਦੀ ਹੈ।