4 ਹੋਰ ਪਾਰਟੀਆਂ I.N.D.I.A. ‘ਚ ਹੋਣਗੀਆਂ ਸ਼ਾਮਲ , ਇਹ ਪਾਰਟੀਆਂ NDA ਦੀ ਪਿਛਲੀ ਮੀਟਿੰਗ ‘ਚ ਗਈਆਂ ਸਨ, ਹੁਣ ਕਾਂਗਰਸ ਦੇ ਸੰਪਰਕ ‘ਚ : ਅਲੋਕ ਸ਼ਰਮਾ

4 ਹੋਰ ਪਾਰਟੀਆਂ I.N.D.I.A. ‘ਚ ਹੋਣਗੀਆਂ ਸ਼ਾਮਲ , ਇਹ ਪਾਰਟੀਆਂ NDA ਦੀ ਪਿਛਲੀ ਮੀਟਿੰਗ ‘ਚ ਗਈਆਂ ਸਨ, ਹੁਣ ਕਾਂਗਰਸ ਦੇ ਸੰਪਰਕ ‘ਚ : ਅਲੋਕ ਸ਼ਰਮਾ

ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵੀ ਦਾਅਵਾ ਕੀਤਾ ਹੈ ਕਿ ਮੁੰਬਈ ਵਿੱਚ ਕੁਝ ਹੋਰ ਪਾਰਟੀਆਂ I.N.D.I.A. ਵਿੱਚ ਸ਼ਾਮਲ ਹੋ ਸਕਦੀਆਂ ਹਨ। ਹਾਲਾਂਕਿ ਨਿਤੀਸ਼ ਨੇ ਅਜੇ ਤੱਕ ਪਾਰਟੀਆਂ ਦੇ ਨਾਂ ਨਹੀਂ ਦੱਸੇ ਹਨ।

ਦੇਸ਼ ਵਿਚ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ 2024 ਲੋਕਸਭਾ ਚੋਣਾਂ ਨੂੰ ਲੈ ਕੇ ਕਮਰ ਕਸ ਲਈ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਟੱਕਰ ਦੇਣ ਲਈ ਬਣੇ ਵਿਰੋਧੀ ਗਠਜੋੜ I.N.D.I.A. ਦੀ ਅਗਲੀ ਮੀਟਿੰਗ, 31 ਅਗਸਤ ਅਤੇ 1 ਸਤੰਬਰ ਨੂੰ ਮੁੰਬਈ ਵਿੱਚ ਹੋਵੇਗੀ।

ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਬੁਲਾਰੇ ਅਲੋਕ ਸ਼ਰਮਾ ਨੇ ਕਿਹਾ ਹੈ ਕਿ ਕੁਝ ਹੋਰ ਸਿਆਸੀ ਪਾਰਟੀਆਂ I.N.D.I.A. ਵਿਚ ਆਉਣਾ ਚਾਹੁੰਦੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਐਨਡੀਏ ਦੀ ਪਿਛਲੀ ਮੀਟਿੰਗ ਵਿੱਚ ਸ਼ਾਮਲ ਹੋਈਆਂ 38 ਪਾਰਟੀਆਂ ਵਿੱਚੋਂ ਚਾਰ ਵਿਰੋਧੀ ਗੱਠਜੋੜ ਦੇ ਸੰਪਰਕ ਵਿੱਚ ਹਨ, ਜਲਦੀ ਹੀ ਉਹ I.N.D.I.A. ਨਾਲ ਜੁੜ ਜਾਣਗੀਆਂ।

ਇਸ ਦੌਰਾਨ ਜਦੋਂ ਅਲੋਕ ਨੂੰ ਪੁੱਛਿਆ ਗਿਆ ਕਿ ਕੀ ਮਹਾਰਾਸ਼ਟਰ ‘ਚ ਕਾਂਗਰਸ ਮਹਾ ਵਿਕਾਸ ਅਗਾੜੀ ਦੀ ਅਗਵਾਈ ਕਰੇਗੀ? ਇਸ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਮਹੱਤਵਪੂਰਨ ਨਹੀਂ ਹੈ ਕਿ ਕੌਣ ਅਗਵਾਈ ਕਰੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਾਰੇ ਮਿਲ ਕੇ ਅਗਵਾਈ ਕਰਾਂਗੇ। ਪੱਤਰਕਾਰਾਂ ਨੇ ਕਾਂਗਰਸ ਕਾਂਗਰਸੀ ਬੁਲਾਰੇ ਨੂੰ ਪੁੱਛਿਆ ਕਿ ਕੀ ਰਾਹੁਲ ਗਾਂਧੀ ਅਮੇਠੀ ਤੋਂ ਚੋਣ ਲੜਨਗੇ? ਉਨ੍ਹਾਂ ਜਵਾਬ ਦਿੱਤਾ ਕਿ ਗਾਂਧੀ ਪਰਿਵਾਰ ਅਮੇਠੀ ਤੋਂ ਚੋਣ ਲੜ ਰਿਹਾ ਹੈ। ਉਥੋਂ ਦੇ ਲੋਕਾਂ ਨਾਲ ਕਾਂਗਰਸ ਦਾ ਪਰਿਵਾਰ ਵਰਗਾ ਰਿਸ਼ਤਾ ਹੈ। ਅਮੇਠੀ ਦੇ ਲੋਕ ਚਾਹੁੰਦੇ ਹਨ ਕਿ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਉਥੋਂ ਚੋਣ ਲੜੇ। ਹਾਲਾਂਕਿ ਇਹ ਕੌਣ ਹੋਵੇਗਾ, ਇਸ ਦਾ ਫੈਸਲਾ ਰਾਹੁਲ ਗਾਂਧੀ ਅਤੇ ਪਰਿਵਾਰ ਵਾਲੇ ਕਰਨਗੇ। ਇਸ ਸਬੰਧੀ ਅਜੇ ਕੋਈ ਅਧਿਕਾਰਤ ਫੈਸਲਾ ਨਹੀਂ ਲਿਆ ਗਿਆ ਹੈ।

ਦੂਜੇ ਪਾਸੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਾਅਵਾ ਕੀਤਾ ਹੈ ਕਿ ਮੁੰਬਈ ਵਿੱਚ ਕੁਝ ਹੋਰ ਪਾਰਟੀਆਂ I.N.D.I.A. ਵਿੱਚ ਸ਼ਾਮਲ ਹੋ ਸਕਦੀਆਂ ਹਨ। ਹਾਲਾਂਕਿ ਨਿਤੀਸ਼ ਨੇ ਅਜੇ ਤੱਕ ਪਾਰਟੀਆਂ ਦੇ ਨਾਂ ਨਹੀਂ ਦੱਸੇ ਹਨ। ਉਨ੍ਹਾਂ ਯਕੀਨੀ ਤੌਰ ‘ਤੇ ਦੱਸਿਆ ਕਿ ਮੁੰਬਈ ਮੀਟਿੰਗ ਦਾ ਮੁੱਦਾ ਕੀ ਹੋਵੇਗਾ। ਨਿਤੀਸ਼ ਮੁਤਾਬਕ ਬੈਠਕ ‘ਚ ਗਠਜੋੜ ‘ਚ ਸ਼ਾਮਲ ਪਾਰਟੀਆਂ ਵਿਚਾਲੇ ਸੀਟਾਂ ਦੀ ਵੰਡ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਗਠਜੋੜ ਦੀ ਅਗਲੀ ਰਣਨੀਤੀ ‘ਤੇ ਵੀ ਚਰਚਾ ਕੀਤੀ ਜਾਵੇਗੀ। ਨਿਤੀਸ਼ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ। ਬਿਹਾਰ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੈਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਪਾਰਟੀਆਂ ਨੂੰ ਇਕੱਠਾ ਕਰਨਾ ਚਾਹੁੰਦਾ ਹਾਂ। ਮੈਂ ਇਸ ਲਈ ਲਗਾਤਾਰ ਕੰਮ ਕਰ ਰਿਹਾ ਹਾਂ। ਨਿਤੀਸ਼ ਕੁਮਾਰ ਨੇ ਵੀ ਦੁਹਰਾਇਆ ਕਿ ਉਹ ਆਪਣੇ ਲਈ ਕੁਝ ਨਹੀਂ ਚਾਹੁੰਦੇ ਹਨ।