ਲੋਕਸਭਾ ਚੋਣਾਂ 2024 : 21 ਰਾਜਾਂ ਵਿੱਚ 102 ਸੀਟਾਂ ‘ਤੇ 68% ਵੋਟਿੰਗ : ਲਕਸ਼ਦੀਪ ਵਿੱਚ ਸਭ ਤੋਂ ਵੱਧ 83%, ਬਿਹਾਰ ਵਿੱਚ ਸਭ ਤੋਂ ਘੱਟ 49% ਹੋਈ ਵੋਟਿੰਗ

ਲੋਕਸਭਾ ਚੋਣਾਂ 2024 : 21 ਰਾਜਾਂ ਵਿੱਚ 102 ਸੀਟਾਂ ‘ਤੇ 68% ਵੋਟਿੰਗ : ਲਕਸ਼ਦੀਪ ਵਿੱਚ ਸਭ ਤੋਂ ਵੱਧ 83%, ਬਿਹਾਰ ਵਿੱਚ ਸਭ ਤੋਂ ਘੱਟ 49% ਹੋਈ ਵੋਟਿੰਗ

7 ਪੜਾਵਾਂ ਵਿੱਚ 543 ਸੀਟਾਂ ਲਈ ਵੋਟਿੰਗ 1 ਜੂਨ ਨੂੰ ਖਤਮ ਹੋਵੇਗੀ। ਸਾਰੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।

ਦੇਸ਼ ਵਿਚ ਲੋਕਸਭਾ ਚੋਣਾਂ ਦਾ ਆਗਾਜ਼ ਹੋ ਚੁਕਿਆ ਹੈ। ਲੋਕ ਸਭਾ ਦੇ ਪਹਿਲੇ ਪੜਾਅ ‘ਚ ਸ਼ੁੱਕਰਵਾਰ ਨੂੰ 21 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 102 ਸੀਟਾਂ ‘ਤੇ ਵੋਟਿੰਗ ਹੋਈ। ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਈ ਵੋਟਿੰਗ ਵਿੱਚ 68.29 ਫੀਸਦੀ ਲੋਕਾਂ ਨੇ ਵੋਟ ਪਾਈ। ਇਹ ਅੰਕੜਾ 2019 ਦੇ ਮੁਕਾਬਲੇ ਸਿਰਫ 1 ਫੀਸਦੀ ਘੱਟ ਹੈ। 2019 ‘ਚ ਪਹਿਲੇ ਪੜਾਅ ‘ਚ 91 ਸੀਟਾਂ ‘ਤੇ 69.43 ਫੀਸਦੀ ਵੋਟਿੰਗ ਹੋਈ ਸੀ।

ਸ਼ੁੱਕਰਵਾਰ ਨੂੰ ਜਿਨ੍ਹਾਂ 102 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋਈ ਸੀ, ਉਨ੍ਹਾਂ ‘ਚੋਂ 2019 ‘ਚ ਭਾਜਪਾ ਨੇ 40, ਡੀਐੱਮਕੇ ਨੇ 24 ਅਤੇ ਕਾਂਗਰਸ ਨੇ 15 ‘ਤੇ ਜਿੱਤ ਦਰਜ ਕੀਤੀ ਸੀ। ਹੋਰਨਾਂ ਨੂੰ 23 ਸੀਟਾਂ ਮਿਲੀਆਂ ਸਨ। ਪਹਿਲੇ ਪੜਾਅ ‘ਚ ਜ਼ਿਆਦਾਤਰ ਸੀਟਾਂ ‘ਤੇ ਇਨ੍ਹਾਂ ਤਿੰਨਾਂ ਪਾਰਟੀਆਂ ਵਿਚਾਲੇ ਮੁਕਾਬਲਾ ਹੈ। ਸੀਟਾਂ ਦੇ ਲਿਹਾਜ਼ ਨਾਲ ਇਹ ਸਭ ਤੋਂ ਵੱਡਾ ਪੜਾਅ ਹੈ। 21 ਵਿੱਚੋਂ 4 ਰਾਜਾਂ ਵਿੱਚ 80% ਤੋਂ ਵੱਧ ਵੋਟਿੰਗ ਹੋਈ। ਇਨ੍ਹਾਂ ਵਿੱਚੋਂ ਲਕਸ਼ਦੀਪ ਵਿੱਚ ਸਭ ਤੋਂ ਵੱਧ 83.88% ਵੋਟਿੰਗ ਹੋਈ। ਇਸ ਤੋਂ ਬਾਅਦ ਤ੍ਰਿਪੁਰਾ ਵਿੱਚ 81.62%, ਬੰਗਾਲ ਵਿੱਚ 80.55% ਅਤੇ ਸਿੱਕਮ ਵਿੱਚ 80.03% ਵੋਟਿੰਗ ਹੋਈ। ਦੋ ਰਾਜਾਂ ਪੱਛਮੀ ਬੰਗਾਲ ਅਤੇ ਮਨੀਪੁਰ ਵਿੱਚ ਵੀ ਵੋਟਿੰਗ ਦੌਰਾਨ ਹਿੰਸਾ ਹੋਈ।

ਲੋਕ ਸਭਾ ਦੇ ਨਾਲ-ਨਾਲ ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਵੋਟਾਂ ਪਈਆਂ। ਅਰੁਣਾਚਲ ਵਿੱਚ 76.44% ਲੋਕਾਂ ਅਤੇ ਸਿੱਕਮ ਵਿੱਚ 79.86% ਲੋਕਾਂ ਨੇ ਰਾਜ ਸਰਕਾਰ ਦੀ ਚੋਣ ਕਰਨ ਲਈ ਆਪਣੀ ਵੋਟ ਪਾਈ। ਪਹਿਲੇ ਪੜਾਅ ਵਿੱਚ 1,625 ਉਮੀਦਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ 1,491 ਪੁਰਸ਼ ਅਤੇ 134 ਮਹਿਲਾ ਉਮੀਦਵਾਰ ਹਨ। ਇਸ ਵਾਰ 8 ਕੇਂਦਰੀ ਮੰਤਰੀ, ਇੱਕ ਸਾਬਕਾ ਮੁੱਖ ਮੰਤਰੀ ਅਤੇ ਇੱਕ ਸਾਬਕਾ ਰਾਜਪਾਲ ਵੀ ਚੋਣ ਮੈਦਾਨ ਵਿੱਚ ਹਨ। ਇਸ ਪੜਾਅ ਤੋਂ ਬਾਅਦ ਦੂਜੇ ਪੜਾਅ ਦੀ ਵੋਟਿੰਗ 26 ਅਪ੍ਰੈਲ ਨੂੰ ਹੋਵੇਗੀ। ਕੁੱਲ 7 ਪੜਾਵਾਂ ਵਿੱਚ 543 ਸੀਟਾਂ ਲਈ ਵੋਟਿੰਗ 1 ਜੂਨ ਨੂੰ ਖਤਮ ਹੋਵੇਗੀ। ਸਾਰੀਆਂ ਸੀਟਾਂ ਦੇ ਨਤੀਜੇ 4 ਜੂਨ ਨੂੰ ਆਉਣਗੇ।