ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਨੀਲ ਜਾਖੜ ਨੂੰ ਚੁਣੌਤੀ ਕਿਹਾ, ਝਾਂਕੀ ‘ਚ ਕੇਜਰੀਵਾਲ ਤੇ ਮੇਰੀ ਫੋਟੋ ਦਿਖਾਓ, ਮੈਂ ਸਿਆਸਤ ਛੱਡ ਦਿਆਂਗਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੁਨੀਲ ਜਾਖੜ ਨੂੰ ਚੁਣੌਤੀ ਕਿਹਾ, ਝਾਂਕੀ ‘ਚ ਕੇਜਰੀਵਾਲ ਤੇ ਮੇਰੀ ਫੋਟੋ ਦਿਖਾਓ, ਮੈਂ ਸਿਆਸਤ ਛੱਡ ਦਿਆਂਗਾ

ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਜਾਖੜ ਸਾਹਿਬ ਸਾਬਤ ਕਰ ਦਿੰਦੇ ਹਨ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਜੇਕਰ ਉਹ ਸਾਬਤ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਆਪ ਕਦੇ ਪੰਜਾਬ ਨਹੀਂ ਆਉਣਾ ਚਾਹੀਦਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੁਨੀਲ ਜਾਖੜ ਵਿਚਾਲੇ ਪੰਜਾਬ ਦੀ ਝਾਂਕੀ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਅੱਜ ਲੁਧਿਆਣਾ ਪੁੱਜੇ, ਜਿਸ ਦੌਰਾਨ ਉਨ੍ਹਾਂ ਦੋ ਅਹਿਮ ਮੀਟਿੰਗਾਂ ਕੀਤੀਆਂ। ਇਸ ਦੌਰਾਨ ਸੀ.ਐਮ. ਪੰਜਾਬ ਦੀ ਝਾਂਕੀ ਨੂੰ ਪਰੇਡ ‘ਚ ਸ਼ਾਮਲ ਨਾ ਕਰਨ ‘ਤੇ ਮਾਨ ਨੇ ਵੱਡਾ ਬਿਆਨ ਦਿੱਤਾ । ਉਨ੍ਹਾਂ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਧੀ ਚੁਣੌਤੀ ਦਿੱਤੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਨੀਲ ਜਾਖੜ ਇਸ ਗੱਲ ਦਾ ਸਬੂਤ ਲੈ ਕੇ ਆਉਣ ਕਿ ਝਾਂਕੀ ਦੇ ਡਿਜ਼ਾਈਨ ਵਿਚ ਮੇਰੀ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਖੜ ਸਾਹਿਬ ਸਾਬਤ ਕਰ ਦਿੰਦੇ ਹਨ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਜੇਕਰ ਉਹ ਸਾਬਤ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਆਪ ਕਦੇ ਪੰਜਾਬ ਨਹੀਂ ਆਉਣਾ ਚਾਹੀਦਾ। ਸੀ.ਐਮ. ਮਾਨ ਨੇ ਕਿਹਾ ਕਿ ਜਾਖੜ ਦਾ ਦਾਅਵਾ ਝੂਠਾ ਹੈ, ਉਹ ਹੁਣੇ ਭਾਜਪਾ ਵਿਚ ਸ਼ਾਮਲ ਹੋਏ ਹਨ ਅਤੇ ਝੂਠ ਬੋਲਣਾ ਸਿੱਖ ਰਹੇ ਹਨ।

ਸੀ.ਐਮ. ਮਾਨ ਨੇ ਕਿਹਾ ਕਿ ਉਨ੍ਹਾਂ ਨੇ ਖੁੱਲ੍ਹੀ ਬਹਿਸ ਕਰਵਾਈ ਸੀ ਤਾਂ ਸੁਨੀਲ ਜਾਖੜ ਉਥੇ ਕਿਉਂ ਨਹੀਂ ਆਏ। ਸਾਰੇ ਸੂਬਿਆਂ ਨੂੰ ਆਪਣਾ ਸੱਭਿਆਚਾਰ ਦਿਖਾਉਣ ਦਾ ਹੱਕ ਹੈ ਤਾਂ ਪੰਜਾਬ ਨੂੰ ਕਿਉਂ ਨਹੀਂ, ਪੰਜਾਬ ਨਾਲ ਹੀ ਵਿਤਕਰਾ ਕੀਤਾ ਜਾ ਰਿਹਾ ਹੈ। ਸੀ.ਐਮ. ਮਾਨ ਨੇ ਪੀ.ਐਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਹੁਣ ਮੋਦੀ ਦੱਸੇ ਕਿ ਸ਼ਹੀਦਾਂ ਦੀ ਕਿਹੜੀ ਝਾਂਕੀ ਦਿਖਾਈ ਜਾਵੇ, ਹੁਣ ਅਸੀਂ ਝਾਂਕੀ ਕੱਢ ਕੇ ਦਿਖਾਵਾਂਗੇ। 20 ਜਨਵਰੀ ਤੋਂ ਸ਼ੁਰੂ ਹੋ ਕੇ 26 ਜਨਵਰੀ ਤੱਕ ਦਿੱਲੀ ਵਿੱਚ ਹਰ ਰੋਜ਼ ਪੰਜਾਬ ਦੀ ਝਾਕੀ ਕੱਢੀ ਜਾਵੇਗੀ।

ਇਸਤੋਂ ਪਹਿਲਾ ਸੀਐਮ ਮਾਨ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਝਾਂਕੀ ਦਿਖਾਈ ਜਾਵੇਗੀ। ਇਸ ਵਿੱਚ ‘ਕੈਂਸਲ ਬਾਇ ਦਿ ਸੈਂਟਰ’ ਨਾਅਰਾ ਲਿਖਿਆ ਹੋਵੇਗਾ। ਇਸ ‘ਤੇ ਜਾਖੜ ਨੇ ਕਿਹਾ ਕਿ ਜੇਕਰ ਸੀ.ਐਮ ਮਾਨ 26 ਜਨਵਰੀ ਨੂੰ ਪੰਜਾਬ ਦੇ ਲੋਕਾਂ ਵਿਚਕਾਰ ਰੱਦ ਕੀਤੀ ਝਾਂਕੀ ਨੂੰ ਲੈ ਕੇ ਜਾਂਦੇ ਹਨ ਤਾਂ ਪੰਜਾਬ ਭਾਜਪਾ ਵੀ ਝਾਂਕੀ ਉਤਾਰੇਗੀ। ਇਸ ਵਿੱਚ ਪੰਜਾਬ ਦੀਆਂ ਜੇਲ੍ਹਾਂ ਵਿੱਚ ਫੋਨ ਅਤੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਵਰਗੇ ਮੁੱਦੇ ਦਿਖਾਏ ਜਾਣਗੇ।