ਪੰਜਾਬ ‘ਚ ਬਸਪਾ-ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟਿਆ, ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ, ਅਕਾਲੀ ਦਲ ‘ਤੇ ਅਣਗਹਿਲੀ ਦੇ ਦੋਸ਼

ਪੰਜਾਬ ‘ਚ ਬਸਪਾ-ਸ਼੍ਰੋਮਣੀ ਅਕਾਲੀ ਦਲ ਦਾ ਗਠਜੋੜ ਟੁੱਟਿਆ, ਬਹੁਜਨ ਸਮਾਜ ਪਾਰਟੀ ਇਕੱਲਿਆਂ ਲੜੇਗੀ ਲੋਕ ਸਭਾ ਚੋਣਾਂ, ਅਕਾਲੀ ਦਲ ‘ਤੇ ਅਣਗਹਿਲੀ ਦੇ ਦੋਸ਼

ਮੀਟਿੰਗ ਦੌਰਾਨ ਗਠਜੋੜ ਸਬੰਧੀ ਹੋਈ ਚਰਚਾ ਦੌਰਾਨ ਕਿਹਾ ਗਿਆ ਕਿ ਅਕਾਲੀ ਦਲ ਲਗਾਤਾਰ ਬਸਪਾ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਪੰਜਾਬ ਵਿਚ ਇਕ ਹੋਰ ਗਠਜੋੜ ਟੁੱਟ ਗਿਆ ਹੈ, ਪੰਜਾਬ ਵਿੱਚ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਗਠਜੋੜ ਤੋੜ ਲਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਵੀ ਕੀਤਾ ਹੈ। ਅੰਬੇਡਕਰ ਭਵਨ ਚੰਡੀਗੜ੍ਹ ਵਿਖੇ ਮੰਗਲਵਾਰ ਨੂੰ ਕਰੀਬ ਚਾਰ ਘੰਟੇ ਚੱਲੀ ਬਸਪਾ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਅਕਾਲੀ ਦਲ ਨਾਲ ਗਠਜੋੜ ਖਤਮ ਕਰਨ ਦਾ ਫੈਸਲਾ ਲਿਆ ਗਿਆ।

ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂ ਹਾਜ਼ਰ ਸਨ। ਮੀਟਿੰਗ ਦੌਰਾਨ ਗਠਜੋੜ ਸਬੰਧੀ ਹੋਈ ਚਰਚਾ ਦੌਰਾਨ ਕਿਹਾ ਗਿਆ ਕਿ ਅਕਾਲੀ ਦਲ ਲਗਾਤਾਰ ਬਸਪਾ ਨੂੰ ਨਜ਼ਰਅੰਦਾਜ਼ ਕਰਕੇ ਭਾਜਪਾ ਨਾਲ ਗਠਜੋੜ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬਸਪਾ ਦਾ ਮੰਨਣਾ ਹੈ ਕਿ ਬਸਪਾ ਕਦੇ ਵੀ ਭਾਜਪਾ ਨਾਲ ਗਠਜੋੜ ਨਹੀਂ ਕਰ ਸਕਦੀ, ਜੋ ਦਲਿਤਾਂ, ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀਆਂ ਅਤੇ ਕਿਸਾਨਾਂ ਨੂੰ ਕੁਚਲਣ ਲਈ ਗੈਰ-ਸੰਵਿਧਾਨਕ ਨੀਤੀਆਂ ਬਣਾ ਕੇ ਭਾਰਤੀ ਸੰਵਿਧਾਨ ਨੂੰ ਬਦਲਣ ਦਾ ਕੰਮ ਕਰ ਰਹੀ ਹੈ।

ਮੀਟਿੰਗ ਤੋਂ ਬਾਅਦ ਪਾਰਟੀ ਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਮਾਮਲਿਆਂ ਦੇ ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਹੁਣ ਭਾਜਪਾ ਨਾਲ ਗੱਠਜੋੜ ਕਰ ਰਹੀ ਹੈ, ਇਸ ਲਈ ਬਸਪਾ ਅਤੇ ਅਕਾਲੀ ਦਲ ਦਾ ਗਠਜੋੜ ਅੱਗੇ ਨਹੀਂ ਚੱਲ ਸਕਦਾ। ਬਸਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਆਪਣੇ ਬਲ ‘ਤੇ ਲੜੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗਠਜੋੜ ਦੇ ਬਾਵਜੂਦ ਬਸਪਾ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹੁਣ ਇਕੱਠੇ ਚੱਲਣਾ ਸੰਭਵ ਨਹੀਂ ਹੈ।

ਜਿਕਰਯੋਗ ਹੈ ਕਿ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਭਾਜਪਾ ਨਾਲ ਆਪਣਾ 25 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ। ਉਸ ਤੋਂ ਬਾਅਦ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਕਰਕੇ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜੀਆਂ, ਜਿਸ ਵਿੱਚ ਅਕਾਲੀ ਦਲ ਨੇ ਤਿੰਨ ਅਤੇ ਬਸਪਾ ਨੇ ਇੱਕ ਸੀਟ ਜਿੱਤੀ। ਗਠਜੋੜ ਤਹਿਤ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ 97 ਅਤੇ ਬਸਪਾ ਨੇ 20 ਸੀਟਾਂ ‘ਤੇ ਚੋਣ ਲੜੀ ਸੀ ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਦੂਰੀ ਵਧਣ ਲੱਗੀ ਅਤੇ ਭਾਈਵਾਲ ਹੋਣ ਦੇ ਬਾਵਜੂਦ ਬਸਪਾ ਨੂੰ ਅਕਾਲੀ ਦਲ ਵੱਲੋਂ ਕਿਸੇ ਵੀ ਸਿਆਸੀ ਸਮਾਗਮ ਦਾ ਸੱਦਾ ਦੇਣ ਤੋਂ ਰੋਕ ਦਿੱਤਾ ਗਿਆ ।