ਪੁਲਿਸ-ਨਿਹੰਗ ਸਿੰਘ ਵਿਵਾਦ : ਅਕਾਲੀ ਦਲ-ਐਸਜੀਪੀਸੀ ਨੇ ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਪੱਕਾ ਮੋਰਚਾ

ਪੁਲਿਸ-ਨਿਹੰਗ ਸਿੰਘ ਵਿਵਾਦ : ਅਕਾਲੀ ਦਲ-ਐਸਜੀਪੀਸੀ ਨੇ ਪੰਜਾਬ ਸਰਕਾਰ ਖ਼ਿਲਾਫ਼ ਲਗਾਇਆ ਪੱਕਾ ਮੋਰਚਾ

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਨੂੰ ਜਗਾਉਣ ਲਈ ਰੋਜ਼ਾਨਾ ਇਹ ਧਰਨਾ ਦਿੱਤਾ ਜਾਵੇਗਾ। ਸੂਬੇ ਦੇ ਧਾਰਮਿਕ ਅਤੇ ਸਿਆਸੀ ਆਗੂ ਹਰ ਰੋਜ਼ ਵੱਖ-ਵੱਖ ਸਮੇਂ ‘ਤੇ ਰੋਸ ਪ੍ਰਦਰਸ਼ਨ ਕਰਨਗੇ।

ਪੰਜਾਬ ਵਿਚ ਪਿੱਛਲੇ ਦਿਨੀ ਪੁਲਿਸ ਅਤੇ ਨਿਹੰਗਾਂ ਵਿਚਾਲੇ ਵਿਵਾਦ ਹੋ ਗਿਆ ਸੀ। 23 ਨਵੰਬਰ ਦੀ ਸਵੇਰ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਵਿਖੇ ਪੁਲਿਸ-ਨਿਹੰਗ ਸਿੰਘ ਝਗੜੇ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਖ਼ਿਲਾਫ਼ ਗੁਰਦੁਆਰਾ ਸਾਹਿਬ ਦੇ ਬਾਹਰ ਪੱਕਾ ਮੋਰਚਾ ਲਾਇਆ ਹੈ।

ਇਸ ਸਾਂਝੇ ਧਰਨੇ ਵਿੱਚ 23 ਨਵੰਬਰ ਦੀ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ ਹੈ। ਇਸ ਵਿੱਚ ਸੂਬੇ ਦੇ ਵੱਖ-ਵੱਖ ਹਲਕਿਆਂ ਤੋਂ ਲੋਕ ਸ਼ਿਰਕਤ ਕਰਨਗੇ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਤੋਂ ਬਾਅਦ ਇਹ ਹਿੰਸਕ ਘਟਨਾ ਵਾਪਰੀ। ਇਸ ਵਿੱਚ ਹੋਮ ਗਾਰਡ ਦੇ ਜਵਾਨ ਦੀ ਮੌਤ ਲਈ ਪੰਜਾਬ ਦੇ ਮੁੱਖ ਮੰਤਰੀ ਜ਼ਿੰਮੇਵਾਰ ਹਨ, ਕਿਉਂਕਿ ਉਹ ਸੂਬੇ ਦੇ ਗ੍ਰਹਿ ਮੰਤਰੀ ਵੀ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਨਾ ਕੀਤੀ ਤਾਂ ਇਹ ਰੋਸ ਹੋਰ ਤੇਜ਼ ਕੀਤਾ ਜਾਵੇਗਾ।

ਇਸ ਧਰਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਜੀਤ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਇੰਚਾਰਜ ਕੈਪਟਨ ਹਰਮਿੰਦਰ ਸਿੰਘ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਕੌਰ ਅਤੇ ਇੰਜਨੀਅਰ ਸਵਰਨ ਸਿੰਘ ਨੇ ਕਿਹਾ ਕਿ ਸਰਕਾਰ ਨੂੰ ਜਗਾਉਣ ਲਈ ਰੋਜ਼ਾਨਾ ਇਹ ਧਰਨਾ ਦਿੱਤਾ ਜਾਵੇਗਾ। ਗੁਰਦੁਆਰਾ ਸ਼੍ਰੀ ਅਕਾਲ ਬੁੰਗਾ ਦੇ ਬਾਹਰ ਧਰਨਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਧਾਰਮਿਕ ਅਤੇ ਸਿਆਸੀ ਆਗੂ ਹਰ ਰੋਜ਼ ਵੱਖ-ਵੱਖ ਸਮੇਂ ‘ਤੇ ਰੋਸ ਪ੍ਰਦਰਸ਼ਨ ਕਰਨਗੇ।