ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ‘ਤੇ ਦੋ ਹਫਤਿਆਂ ‘ਚ ਫੈਸਲਾ, ਦਿੱਲੀ ‘ਚ ਸਮਝੌਤਾ ਲਗਭਗ ਤੈਅ : ਅਲਕਾ ਲਾਂਬਾ

ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ‘ਤੇ ਦੋ ਹਫਤਿਆਂ ‘ਚ ਫੈਸਲਾ, ਦਿੱਲੀ ‘ਚ ਸਮਝੌਤਾ ਲਗਭਗ ਤੈਅ : ਅਲਕਾ ਲਾਂਬਾ

ਅਲਕਾ ਲਾਂਬਾ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੀ ਹੈ। ਕਾਂਗਰਸ ਅਤੇ ‘ਆਪ’ ਵਿਚਾਲੇ ਸਮਝੌਤੇ ਸਬੰਧੀ ਬਿਆਨ ਦੇ ਕੇ ਲਾਂਬਾ ਨੇ ਪੰਜਾਬ ‘ਚ ਦੋਵਾਂ ਪਾਰਟੀਆਂ ਦੇ ਆਗੂਆਂ ‘ਚ ਬੇਚੈਨੀ ਫੈਲਾ ਦਿੱਤੀ ਹੈ।

ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ਨੂੰ ਲੈ ਕੇ ਰੋਜ਼ ਨਵੀਂ ਗੱਲ ਸੁਨਣ ਨੂੰ ਮਿਲਦੀ ਹੈ। ਆਲ ਇੰਡੀਆ ਮਹਿਲਾ ਕਾਂਗਰਸ ਦੀ ਮੁਖੀ ਅਲਕਾ ਲਾਂਬਾ ਨੇ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਲਈ ਦਿੱਲੀ ਸੀਟਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਸਮਝੌਤਾ ਲਗਭਗ ਤੈਅ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਸਮਝੌਤੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਅਗਲੇ ਦੋ ਹਫ਼ਤਿਆਂ ਵਿੱਚ ਫੈਸਲਾ ਲਿਆ ਜਾਵੇਗਾ।

ਪੰਜਾਬ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਲਕਾ ਲਾਂਬਾ ਨੇ ਇਹ ਵੀ ਕਿਹਾ ਕਿ ਭਾਵੇਂ ਕਾਂਗਰਸ ਅਤੇ ‘ਆਪ’ ਰਾਸ਼ਟਰੀ ਪੱਧਰ ‘ਤੇ ਭਾਜਪਾ ਵਿਰੁੱਧ ਇਕੱਠੇ ਹੋ ਰਹੇ ਹਨ, ਪਰ ਕਾਂਗਰਸ ਇਕ ਮਜ਼ਬੂਤ ​​ਵਿਰੋਧੀ ਧਿਰ ਵਜੋਂ ਪੰਜਾਬ ਅਤੇ ਦਿੱਲੀ ‘ਚ ‘ਆਪ’ ਸਰਕਾਰਾਂ ਦੇ ਕੰਮਕਾਜ ‘ਤੇ ਨਜ਼ਰ ਰੱਖਦੀ ਰਹੇਗੀ।

ਪੰਜਾਬ ਦੀ ‘ਆਪ’ ਸਰਕਾਰ ‘ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਦੇ ਦੋਸ਼ਾਂ ਬਾਰੇ ਪੁੱਛੇ ਸਵਾਲ ‘ਤੇ ਲਾਂਬਾ ਨੇ ਕਿਹਾ ਕਿ ਜੇਕਰ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਕੁਝ ਗਲਤ ਕਰਦੀਆਂ ਹਨ ਤਾਂ ਕਾਂਗਰਸ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ‘ਆਪ’ ਸਰਕਾਰ ਨੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਤਾਂ ਕਾਂਗਰਸ ਭਗਵੰਤ ਮਾਨ ਸਰਕਾਰ ‘ਤੇ ਜ਼ਰੂਰ ਸਵਾਲ ਚੁੱਕੇਗੀ। ਵਿਰੋਧੀ ਧਿਰ ਦੀ ਅਵਾਜ਼ ਨੂੰ ਕੋਈ ਨਹੀਂ ਦਬਾ ਸਕਦਾ ਅਤੇ ਕਾਂਗਰਸ ਹਮੇਸ਼ਾ ਗਲਤ ਨੂੰ ਗਲਤ ਕਹੇਗੀ।

ਅਲਕਾ ਲਾਂਬਾ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਚੰਡੀਗੜ੍ਹ ਪਹੁੰਚੀ ਹੈ। ਕਾਂਗਰਸ ਅਤੇ ‘ਆਪ’ ਵਿਚਾਲੇ ਹੋਏ ਸਮਝੌਤੇ ਸਬੰਧੀ ਬਿਆਨ ਦੇ ਕੇ ਲਾਂਬਾ ਨੇ ਪੰਜਾਬ ‘ਚ ਦੋਵਾਂ ਪਾਰਟੀਆਂ ਦੇ ਆਗੂਆਂ ‘ਚ ਬੇਚੈਨੀ ਫੈਲਾ ਦਿੱਤੀ ਹੈ। ਆਪਸੀ ਗਠਜੋੜ ਦਾ ਵਿਰੋਧ ਕਰਨ ਵਾਲੀਆਂ ਦੋਵੇਂ ਪਾਰਟੀਆਂ ਦੇ ਆਗੂ ਕਈ ਵਾਰ ਆਪੋ-ਆਪਣੀ ਹਾਈਕਮਾਂਡ ਨੂੰ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪੰਜਾਬ ਵਿੱਚ ਕੋਈ ਗਠਜੋੜ ਨਹੀਂ ਚਾਹੁੰਦੇ। ਇਸੇ ਆਧਾਰ ‘ਤੇ ਦੋਵਾਂ ਪਾਰਟੀਆਂ ਨੇ ਪੰਜਾਬ ‘ਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫੈਸਲਾ ਕੀਤਾ ਹੈ ਅਤੇ ਸੂਬੇ ਦੀਆਂ ਸਾਰੀਆਂ 13 ਸੀਟਾਂ ‘ਤੇ ਆਪੋ-ਆਪਣੇ ਉਮੀਦਵਾਰਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ।