ਦਿੱਲੀ ਦੇ ਮੁੱਖ ਸਕੱਤਰ ‘ਤੇ 897 ਕਰੋੜ ਦੇ ਭ੍ਰਿਸ਼ਟਾਚਾਰ ਦੇ ਦੋਸ਼, ਕੇਜਰੀਵਾਲ ਨੇ ਨਰੇਸ਼ ਕੁਮਾਰ ਨੂੰ ਹਟਾਉਣ ਦੀ ਕੀਤੀ ਸਿਫ਼ਾਰਿਸ਼

ਦਿੱਲੀ ਦੇ ਮੁੱਖ ਸਕੱਤਰ ‘ਤੇ 897 ਕਰੋੜ ਦੇ ਭ੍ਰਿਸ਼ਟਾਚਾਰ ਦੇ ਦੋਸ਼, ਕੇਜਰੀਵਾਲ ਨੇ ਨਰੇਸ਼ ਕੁਮਾਰ ਨੂੰ ਹਟਾਉਣ ਦੀ ਕੀਤੀ ਸਿਫ਼ਾਰਿਸ਼

ਆਤਿਸ਼ੀ ਨੇ ਕਿਹਾ ਕਿ ਮੁੱਖ ਸਕੱਤਰ ਨੇ ਆਪਣੇ ਪੁੱਤਰ ਨਾਲ ਜੁੜੀਆਂ ਕਈ ਕੰਪਨੀਆਂ ਨੂੰ ਸਰਕਾਰੀ ਠੇਕੇ ਦਿੱਤੇ ਅਤੇ ਹੁਣ ਇਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ। ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ 897 ਕਰੋੜ ਰੁਪਏ ਤੋਂ ਵੱਧ ਦਾ ਭ੍ਰਿਸ਼ਟਾਚਾਰ ਹੋਇਆ ਹੈ।

ਦਿੱਲੀ ਦੇ ਮੁੱਖ ਸਕੱਤਰ ਨਰੇਸ਼ ਕੁਮਾਰ ਖਿਲਾਫ ਕਥਿਤ ਭ੍ਰਿਸ਼ਟਾਚਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖ ਸਕੱਤਰ ਨਰੇਸ਼ ਕੁਮਾਰ ਨੂੰ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਕੇਜਰੀਵਾਲ ਨੇ ਬੁੱਧਵਾਰ ਨੂੰ LG ਵਿਨੈ ਕੁਮਾਰ ਸਕਸੈਨਾ ਨੂੰ ਪੱਤਰ ਲਿਖ ਕੇ ਕੁਮਾਰ ‘ਤੇ 897 ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ।

ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਨਰੇਸ਼ ਕੁਮਾਰ ਖਿਲਾਫ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲੀ ਸੀ। 11 ਨਵੰਬਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਸਨ। ਵਿਜੀਲੈਂਸ ਮੰਤਰੀ ਆਤਿਸ਼ੀ ਨੇ 3 ਦਿਨਾਂ ਵਿੱਚ ਜਾਂਚ ਕੀਤੀ ਅਤੇ 14 ਨਵੰਬਰ ਨੂੰ ਕੇਜਰੀਵਾਲ ਨੂੰ ਰਿਪੋਰਟ ਸੌਂਪ ਦਿੱਤੀ। ਸੀਐਮ ਨੇ ਬੁੱਧਵਾਰ ਨੂੰ ਐਲਜੀ ਸਕਸੈਨਾ ਨੂੰ ਪੱਤਰ ਲਿਖ ਕੇ ਨਰੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਨੇ ਪੱਤਰ ਦੇ ਨਾਲ ਜਾਂਚ ਰਿਪੋਰਟ ਵੀ ਐਲਜੀ ਨੂੰ ਭੇਜ ਦਿੱਤੀ ਹੈ।

ਕੇਜਰੀਵਾਲ ਨੇ ਆਪਣੇ ਵਿਜੀਲੈਂਸ ਮੰਤਰੀ ਆਤਿਸ਼ੀ ਨੂੰ ਜਾਂਚ ਰਿਪੋਰਟ ਸੀਬੀਆਈ ਅਤੇ ਈਡੀ ਨੂੰ ਵੀ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਦਰਅਸਲ, ਜਦੋਂ ਇਹ ਗੱਲ ਸਾਹਮਣੇ ਆਈ ਕਿ ਦਿੱਲੀ ਵਿੱਚ ਬਣੇ ਦਵਾਰਕਾ ਐਕਸਪ੍ਰੈਸਵੇਅ ਲਈ ਜ਼ਮੀਨ ਐਕਵਾਇਰ ਵਿੱਚ ਬੇਨਿਯਮੀਆਂ ਹੋਈਆਂ ਹਨ ਤਾਂ ਆਤਿਸ਼ੀ ਨੇ ਮਾਮਲੇ ਦੀ ਜਾਂਚ ਕੀਤੀ ਹੈ।

ਇਸ ਜਾਂਚ ਦੌਰਾਨ ਆਤਿਸ਼ੀ ਨੇ ਪਾਇਆ ਕਿ ਬਮਨੌਲੀ ਪਿੰਡ ਦੀ ਜ਼ਮੀਨ ਦਵਾਰਕਾ ਐਕਸਪ੍ਰੈਸ ਵੇਅ ਲਈ ਐਕੁਆਇਰ ਕੀਤੀ ਜਾਣੀ ਸੀ। ਪਿਛਲੇ 5 ਸਾਲਾਂ ਵਿੱਚ ਇਸ ਜ਼ਮੀਨ ਦਾ ਨਿਸ਼ਚਿਤ ਮੁਆਵਜ਼ਾ 9 ਗੁਣਾ ਵੱਧ ਗਿਆ ਹੈ। ਮੁੱਖ ਸਕੱਤਰ ਦਾ ਪੁੱਤਰ ਕਰਨ ਚੌਹਾਨ ਉਸ ਵਿਅਕਤੀ ਦੇ ਜਵਾਈ ਦੀ ਕੰਪਨੀ ‘ਚ ਕੰਮ ਕਰਦਾ ਹੈ, ਜਿਸਨੂੰ ਇਸ ਜ਼ਮੀਨ ਦੇ ਮੁਆਵਜ਼ੇ ਦਾ ਫਾਇਦਾ ਹੋ ਰਿਹਾ ਸੀ। ਇਸਦੇ ਨਾਲ ਹੀ ਮੁੱਖ ਸਕੱਤਰ ਨੇ ਆਪਣੇ ਪੁੱਤਰ ਨਾਲ ਜੁੜੀਆਂ ਕਈ ਕੰਪਨੀਆਂ ਨੂੰ ਸਰਕਾਰੀ ਠੇਕੇ ਦਿੱਤੇ ਅਤੇ ਹੁਣ ਇਨ੍ਹਾਂ ਦੀ ਵੀ ਜਾਂਚ ਕੀਤੀ ਜਾਵੇਗੀ।

ਜਾਂਚ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਸ ਮਾਮਲੇ ਵਿੱਚ 897 ਕਰੋੜ ਰੁਪਏ ਤੋਂ ਵੱਧ ਦਾ ਭ੍ਰਿਸ਼ਟਾਚਾਰ ਹੋਇਆ ਹੈ। ਆਤਿਸ਼ੀ ਨੇ ਮੰਗਲਵਾਰ ਨੂੰ ਸੀਐਮ ਕੇਜਰੀਵਾਲ ਨੂੰ ਇਸ ਮਾਮਲੇ ਵਿੱਚ 650 ਪੰਨਿਆਂ ਦੀ ਜਾਂਚ ਰਿਪੋਰਟ ਸੌਂਪੀ। ਇਸ ਵਿੱਚ ਆਤਿਸ਼ੀ ਨੇ ਬਮਨੌਲੀ ਜ਼ਮੀਨ ਐਕਵਾਇਰ ਵਿੱਚ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਲਈ ਈਡੀ ਅਤੇ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।