- ਪੰਜਾਬ
- No Comment
ਸਕੂਲ ਛੇੜਛਾੜ ਮਾਮਲੇ ਦੀ ਸੀਬੀਆਈ ਜਾਂਚ ਹੋਵੇ, ਸਿੱਖਿਆ ਮੰਤਰੀ ਅਸਤੀਫਾ ਦੇਣ : ਬਿਕਰਮ ਸਿੰਘ ਮਜੀਠੀਆ
ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਨਾ ਕੀਤਾ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਪੀੜਤਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਜਾਏ ਇਸ ਘਿਨਾਉਣੇ ਕਾਰੇ ਪਿੱਛੇ ਦੋਸ਼ੀ ਦਾ ਪੱਖ ਲੈ ਰਹੇ ਹਨ।
ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਮਜੀਠਾ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਾਬਾਲਗ ਲੜਕੀਆਂ ਨਾਲ ਛੇੜਛਾੜ ਦੀ ਘਟਨਾ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕੀਤੀ।
ਬੁੱਧਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਖਿਆ ਮੰਤਰੀ ਨੂੰ ਤੁਰੰਤ ਬਰਖਾਸਤ ਨਾ ਕੀਤਾ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਪੀੜਤਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਬਜਾਏ ਇਸ ਘਿਨਾਉਣੇ ਕਾਰੇ ਪਿੱਛੇ ਦੋਸ਼ੀ ਦਾ ਪੱਖ ਲੈ ਰਹੇ ਹਨ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਮੁੱਖ ਮੰਤਰੀ ਅਜੇ ਤੱਕ ਪੀੜਤ ਪਰਿਵਾਰਾਂ ਨੂੰ ਮਿਲਣ ਕਿਉਂ ਨਹੀਂ ਗਏ?
ਮਜੀਠੀਆ ਨੇ ਕਿਹਾ ਕਿ ਤੁਹਾਡੇ ਕੋਲ ਵਿਪਾਸਨਾ ਰਿਟ੍ਰੀਟਸ ‘ਚ ਸ਼ਾਮਲ ਹੋਣ ਅਤੇ ਆਪਣੇ ਬੌਸ ਅਰਵਿੰਦ ਕੇਜਰੀਵਾਲ ਨੂੰ ਦੇਸ਼ ਭਰ ‘ਚ ਲੈ ਜਾਣ ਦਾ ਸਮਾਂ ਹੈ ਪਰ ਤੁਹਾਡੇ ਕੋਲ ਜਿਨਸੀ ਸ਼ੋਸ਼ਣ ਦੇ ਪੀੜਤਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ। ਮਜੀਠੀਆ ਨੇ ‘ਆਪ’ ਦੇ ਚਰਿੱਤਰ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਤੁਸੀਂ ਬਿਲਕੀਸ ਬਾਨੋ ਨਾਲ ਹੋਈ ਬੇਇਨਸਾਫੀ ਦੀ ਗੱਲ ਕੀਤੀ ਹੈ, ਪਰ ਹੁਣ ਜਦੋਂ ਤੁਸੀਂ ਗਲਤ ਨੂੰ ਸਹੀ ਕਰਨ ਦੀ ਸਥਿਤੀ ‘ਚ ਹੋ ਤਾਂ ਤੁਸੀਂ ਚੁੱਪ ਰਹਿਣਾ ਚੁਣਿਆ ਹੈ। ਇਹ ਬਿਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਮਜੀਠੀਆ ਨੇ ਨਾਬਾਲਗ ਲੜਕੀਆਂ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਮਾਮਲੇ ਦੀ ਐਫਆਈਆਰ ਦਰਜ ਹੋਣ ਤੋਂ ਸੱਤ ਦਿਨ ਬਾਅਦ ਵੀ ਅਧਿਆਪਕ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਉਨ੍ਹਾਂ ਅਧਿਆਪਕ ਨੂੰ ਸਰਕਾਰੀ ਨੌਕਰੀ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਵੀ ਕੀਤੀ।