ਲੇਖਿਕਾ ਅਰੁੰਧਤੀ ਰਾਏ ਵਿਰੁੱਧ UAPA ਤਹਿਤ ਕੇਸ ਚਲੇਗਾ, ਦਿੱਲੀ ਦੇ ਉਪ ਰਾਜਪਾਲ ਨੇ ਦਿੱਤੀ ਮਨਜ਼ੂਰੀ

ਲੇਖਿਕਾ ਅਰੁੰਧਤੀ ਰਾਏ ਵਿਰੁੱਧ UAPA ਤਹਿਤ ਕੇਸ ਚਲੇਗਾ, ਦਿੱਲੀ ਦੇ ਉਪ ਰਾਜਪਾਲ ਨੇ ਦਿੱਤੀ ਮਨਜ਼ੂਰੀ

ਕਸ਼ਮੀਰ ਦੇ ਸਮਾਜਿਕ ਕਾਰਕੁਨ ਸੁਸ਼ੀਲ ਪੰਡਿਤ ਨੇ 21 ਅਕਤੂਬਰ 2010 ਨੂੰ ਦਿੱਤੇ ਗਏ ਭਾਸ਼ਣ ਸਬੰਧੀ 28 ਅਕਤੂਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ।

ਲੇਖਿਕਾ ਅਰੁੰਧਤੀ ਰਾਏ ਲਈ ਇਕ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਿੱਲੀ ਦੇ LG ਵੀਕੇ ਸਕਸੈਨਾ ਨੇ ਲੇਖਿਕਾ ਅਰੁੰਧਤੀ ਰਾਏ ਅਤੇ ਕਸ਼ਮੀਰ ਦੀ ਕੇਂਦਰੀ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਕਾਨੂੰਨ ਦੇ ਸਾਬਕਾ ਪ੍ਰੋਫੈਸਰ ਡਾ. ਸ਼ੇਖ ਸ਼ੌਕਤ ਹੁਸੈਨ ਵਿਰੁੱਧ UAPA ਕਾਨੂੰਨ ਦੇ ਤਹਿਤ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।

ਸੁਸ਼ੀਲ ਪੰਡਿਤ ਨੇ 2010 ‘ਚ ਦੋਵਾਂ ਖਿਲਾਫ ਐੱਫ.ਆਈ.ਆਰ. ਦਰਜ਼ ਕਰਵਾਈ ਸੀ। ਅਰੁੰਧਤੀ ਰਾਏ ਅਤੇ ਹੁਸੈਨ ‘ਤੇ 21 ਅਕਤੂਬਰ 2010 ਨੂੰ ਦਿੱਲੀ ਦੇ ਕੋਪਰਨਿਕਸ ਰੋਡ ‘ਤੇ ਐਲਟੀਜੀ ਆਡੀਟੋਰੀਅਮ ਵਿੱਚ ‘ਆਜ਼ਾਦੀ – ਦ ਓਨਲੀ ਵੇ’ ਦੇ ਬੈਨਰ ਹੇਠ ਆਯੋਜਿਤ ਇੱਕ ਕਾਨਫਰੰਸ ਵਿੱਚ ਭੜਕਾਊ ਭਾਸ਼ਣ ਦੇਣ ਦਾ ਦੋਸ਼ ਹੈ। ਕਾਨਫਰੰਸ ਵਿੱਚ ‘ਕਸ਼ਮੀਰ ਨੂੰ ਭਾਰਤ ਤੋਂ ਵੱਖ ਕਰਨ’ ਦਾ ਪ੍ਰਚਾਰ ਕੀਤਾ ਗਿਆ ਸੀ। ਭਾਸ਼ਣ ਦੇਣ ਵਾਲਿਆਂ ਵਿਚ ਸਈਅਦ ਅਲੀ ਸ਼ਾਹ ਗਿਲਾਨੀ, ਐਸ.ਏ.ਆਰ. ਗਿਲਾਨੀ (ਕਾਨਫ਼ਰੰਸ ਦੇ ਐਂਕਰ ਅਤੇ ਸੰਸਦ ਹਮਲੇ ਦੇ ਮੁੱਖ ਦੋਸ਼ੀ), ਅਰੁੰਧਤੀ ਰਾਏ, ਡਾਕਟਰ ਸ਼ੇਖ ਸ਼ੌਕਤ ਹੁਸੈਨ ਅਤੇ ਮਾਓਵਾਦੀ ਸਮਰਥਕ ਵਰਵਰਾ ਰਾਓ ਸ਼ਾਮਲ ਸਨ। ਕਸ਼ਮੀਰ ਦੇ ਸਮਾਜਿਕ ਕਾਰਕੁਨ ਸੁਸ਼ੀਲ ਪੰਡਿਤ ਨੇ 21 ਅਕਤੂਬਰ 2010 ਨੂੰ ਦਿੱਤੇ ਗਏ ਭਾਸ਼ਣ ਸਬੰਧੀ 28 ਅਕਤੂਬਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਦਿੱਲੀ ਦੇ ਮੈਟਰੋਪੋਲੀਟਨ ਮੈਜਿਸਟ੍ਰੇਟ ਦੇ ਹੁਕਮਾਂ ‘ਤੇ ਰਾਏ ਅਤੇ ਹੁਸੈਨ ਖਿਲਾਫ ਐੱਫ.ਆਈ.ਆਰ. ਦਰਜ਼ ਕਰਵਾਈ ਸੀ।

1997 ਵਿੱਚ ਲੇਖਿਕਾ ਅਰੁੰਧਤੀ ਰਾਏ ਦੀ ਕਿਤਾਬ ‘ਦਿ ਗੌਡ ਆਫ਼ ਸਮਾਲ ਥਿੰਗਜ਼’ ਨੂੰ ਬੁਕਰ ਇਨਾਮ ਮਿਲਿਆ। ਇਹ ਉਸਦਾ ਪਹਿਲਾ ਨਾਵਲ ਸੀ। ਇਹ ਪ੍ਰਾਪਤ ਕਰਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਹੈ। ਬੁਕਰ ਪੁਰਸਕਾਰ ਨੂੰ ਨੋਬਲ ਪੁਰਸਕਾਰ ਤੋਂ ਬਾਅਦ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਪੁਰਸਕਾਰ ਮੰਨਿਆ ਜਾਂਦਾ ਹੈ। ਇਹ ਵਿਸ਼ਵ ਭਰ ਦੇ ਸਾਹਿਤ ਜਗਤ ਦੇ ਪ੍ਰਮੁੱਖ ਪੁਰਸਕਾਰਾਂ ਵਿੱਚੋਂ ਇੱਕ ਹੈ।