ਸੀਐਮ ਭਗਵੰਤ ਮਾਨ ਦਾ ਐਲਾਨ, ਪੰਜਾਬ ਦੇ ਓਲੰਪਿਕ ਮੈਡਲ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗਾ 1-1 ਕਰੋੜ ਦਾ ਇਨਾਮ

ਸੀਐਮ ਭਗਵੰਤ ਮਾਨ ਦਾ ਐਲਾਨ, ਪੰਜਾਬ ਦੇ ਓਲੰਪਿਕ ਮੈਡਲ ਜੇਤੂ ਹਾਕੀ ਖਿਡਾਰੀਆਂ ਨੂੰ ਮਿਲੇਗਾ 1-1 ਕਰੋੜ ਦਾ ਇਨਾਮ

ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦਾ ਰਾਹ ਪੱਧਰਾ ਕਰੇਗੀ। ਸਮੁੱਚੀ ਟੀਮ ਨੇ ਸਪੇਨ ਵਿਰੁੱਧ ਇਸ ਸ਼ਾਨਦਾਰ ਜਿੱਤ ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਇਹ ਜਿੱਤ ਖੇਡ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗੀ।

ਪੰਜਾਬ ਸਰਕਾਰ ਨੇ ਪੰਜਾਬ ਦੇ ਓਲੰਪਿਕ ਮੈਡਲ ਜੇਤੂ ਹਾਕੀ ਖਿਡਾਰੀਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ‘ਚ ਸਪੇਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਜਾਬ ਦੇ ਖਿਡਾਰੀਆਂ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦਾ ਹਿੱਸਾ ਰਹੇ ਪੰਜਾਬ ਦੇ ਹਰੇਕ ਖਿਡਾਰੀ ਨੂੰ 1-1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

ਸੀ.ਐਮ ਮਾਨ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦੇ ਤਗਮੇ ਦੇ ਮੈਚ ਵਿੱਚ ਸਪੇਨ ਨੂੰ 2-1 ਨਾਲ ਹਰਾ ਕੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦਿਲਚਸਪ ਮੈਚ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜਿੱਤ ਵੱਲ ਲੈ ਕੇ ਇਤਿਹਾਸ ਰਚਿਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਕੀ ਟੀਮ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਸਮੇਤ ਪੰਜਾਬ ਦੇ 10 ਖਿਡਾਰੀ ਹਨ, ਜਿਨ੍ਹਾਂ ਨੇ ਓਲੰਪਿਕ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਰਮਨਪ੍ਰੀਤ ਸਿੰਘ ਨੇ ਸਾਰੇ ਓਲੰਪਿਕ ਮੈਚਾਂ ਵਿੱਚ 10 ਗੋਲ ਕੀਤੇ। ਇਨ੍ਹਾਂ ਖਿਡਾਰੀਆਂ ਨੂੰ ਸੂਬਾ ਸਰਕਾਰ ਦੀ ਨੀਤੀ ਅਨੁਸਾਰ 1-1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਇਹ ਇਤਿਹਾਸਕ ਜਿੱਤ ਦੇਸ਼ ਵਿੱਚ ਕੌਮੀ ਖੇਡ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦਾ ਰਾਹ ਪੱਧਰਾ ਕਰੇਗੀ। ਸਮੁੱਚੀ ਟੀਮ ਨੇ ਸਪੇਨ ਵਿਰੁੱਧ ਇਸ ਸ਼ਾਨਦਾਰ ਜਿੱਤ ਨਾਲ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ ਅਤੇ ਇਹ ਜਿੱਤ ਖੇਡ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਹੋਵੇਗੀ। ਇਸ ਟੀਮ ਨੇ ਇੱਕ ਵਾਰ ਫਿਰ ਦੇਸ਼ ਦੇ ਮਹਾਨ ਹਾਕੀ ਖਿਡਾਰੀਆਂ ਦੀ ਸ਼ਾਨਦਾਰ ਵਿਰਾਸਤ ਨੂੰ ਸੰਭਾਲਿਆ ਹੈ।