ਰਾਜਪਾਲ ਨੂੰ ਜਲਦੀ ਹੀ ਦੇਵਾਂਗੇ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਹਿਸਾਬ, ਪੈਸਾ ਖਾਣਾ ਮੇਰੇ ਸੁਭਾਅ ‘ਚ ਨਹੀਂ : ਸੀਐੱਮ ਭਗਵੰਤ ਮਾਨ

ਰਾਜਪਾਲ ਨੂੰ ਜਲਦੀ ਹੀ ਦੇਵਾਂਗੇ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਹਿਸਾਬ, ਪੈਸਾ ਖਾਣਾ ਮੇਰੇ ਸੁਭਾਅ ‘ਚ ਨਹੀਂ : ਸੀਐੱਮ ਭਗਵੰਤ ਮਾਨ

ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਨੇ ਪਿਛਲੀਆਂ ਸਰਕਾਰਾਂ ਤੋਂ ਕਦੇ ਵੀ ਕਰਜ਼ਿਆਂ ਦਾ ਹਿਸਾਬ ਨਹੀਂ ਮੰਗਿਆ, ਜਦੋਂਕਿ ਪਹਿਲਾਂ ਸਰਕਾਰਾਂ 1 ਲੱਖ ਕਰੋੜ ਤੋਂ ਲੈ ਕੇ 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਲੈਂਦੀਆਂ ਸਨ।

ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਵਿਚਾਲੇ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਹੋਈ ਸੀ। ਪਿੱਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਵਿਚਾਲੇ ਚੱਲ ਰਿਹਾ ਵਿਵਾਦ ਇੱਕ ਵਾਰ ਫਿਰ ਪਟਿਆਲਾ ਰੈਲੀ ‘ਚ ਸਾਹਮਣੇ ਆਇਆ।

ਮਾਨ ਨੇ ਕਿਹਾ ਕਿ 50 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਲੇਖਾ ਜੋਖਾ ਜਲਦੀ ਹੀ ਰਾਜਪਾਲ ਨੂੰ ਦਿੱਤਾ ਜਾਵੇਗਾ। ਪੈਸਾ ਖਾਣਾ ਸਾਡੇ ਸੁਭਾਅ ਵਿੱਚ ਨਹੀਂ ਹੈ। ਦੱਸ ਦੇਈਏ ਕਿ ਪਨਬੱਸ ਬੱਸਾਂ ਦੇ ਕਰਜ਼ੇ ਦੀ ਅਦਾਇਗੀ ਤੋਂ ਇਲਾਵਾ ਇਹ ਪੈਸਾ ਪਿਛਲੀਆਂ ਸਰਕਾਰਾਂ ਦੇ ਕਰਜ਼ਿਆਂ ਦੇ ਵਿਆਜ ਅਤੇ ਹੋਰ ਖੇਤਰਾਂ ਵਿੱਚ ਖਰਚਿਆ ਗਿਆ ਹੈ। ਉਹ ਲੋਕਾਂ ਦੀ ਸੇਵਾ ਕਰਨ ਦੇ ਉਦੇਸ਼ ਨਾਲ ਰਾਜਨੀਤੀ ਵਿੱਚ ਆਏ ਹਨ।

ਮਾਨ ਨੇ ਕਿਹਾ ਕਿ ਰਾਜਪਾਲ ਨੇ ਪਿਛਲੀਆਂ ਸਰਕਾਰਾਂ ਤੋਂ ਕਦੇ ਵੀ ਕਰਜ਼ਿਆਂ ਦਾ ਹਿਸਾਬ ਨਹੀਂ ਮੰਗਿਆ ਜਦੋਂਕਿ ਪਹਿਲਾਂ ਸਰਕਾਰਾਂ 1 ਲੱਖ ਕਰੋੜ ਤੋਂ ਲੈ ਕੇ 1.5 ਲੱਖ ਕਰੋੜ ਰੁਪਏ ਤੱਕ ਦੇ ਕਰਜ਼ੇ ਲੈਂਦੀਆਂ ਸਨ। ਇਸ ਦੌਰਾਨ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ 35 ਸੀਟਾਂ ਵਾਲੀਆਂ 3000 ਦੇ ਕਰੀਬ ਬੱਸਾਂ ਸਰਕਾਰ ਵੱਲੋਂ ਸਪਾਂਸਰ ਕੀਤੀਆਂ ਜਾਣਗੀਆਂ। ਚਾਰ ਤੋਂ ਪੰਜ ਨੌਜਵਾਨਾਂ ਦੇ ਗਰੁੱਪ ਬਣਾਏ ਜਾਣਗੇ ਅਤੇ ਇਹ ਬੱਸਾਂ ਉਨ੍ਹਾਂ ਨੂੰ ਬਿਨਾਂ ਪੈਸੇ ਲਏ ਦਿੱਤੀਆਂ ਜਾਣਗੀਆਂ। ਇਨ੍ਹਾਂ ਬੱਸਾਂ ਰਾਹੀਂ ਨੌਜਵਾਨ ਖਾਸ ਕਰਕੇ ਪੇਂਡੂ ਖੇਤਰ ਨੂੰ ਕਵਰ ਕਰਨਗੇ। ਜਦੋਂ ਨੌਜਵਾਨ ਬੱਸਾਂ ਰਾਹੀਂ ਕਮਾਈ ਕਰਨਗੇ, ਤਾਂ ਉਹ ਹੌਲੀ-ਹੌਲੀ ਸਰਕਾਰ ਨੂੰ ਬਿਨਾਂ ਵਿਆਜ ਦੇ ਪੈਸੇ ਵਾਪਸ ਕਰ ਸਕਦੇ ਹਨ। ਇਸ ਸਕੀਮ ਰਾਹੀਂ ਕਰੀਬ 12 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਕਿਉਂਕਿ ਬੱਸਾਂ ਵਿੱਚ ਡਰਾਈਵਰ ਤੇ ਕੰਡਕਟਰ ਵੀ ਰੱਖੇ ਜਾਣਗੇ।

ਵਿਰੋਧੀ ਪਾਰਟੀਆਂ ਉਨ੍ਹਾਂ ਦੀ ਸਰਕਾਰ ‘ਤੇ ਸਵਾਲ ਉਠਾਉਂਦੀਆਂ ਹਨ ਕਿ ਲੋਕਾਂ ਨੂੰ ਕਰਜ਼ੇ ਲੈ ਕੇ ਮੁਫਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਉਨ੍ਹਾਂ ਦੀ ਸਰਕਾਰ ਭ੍ਰਿਸ਼ਟਾਚਾਰੀਆਂ ਤੋਂ ਸਰਕਾਰੀ ਪੈਸਾ ਲੈ ਕੇ ਵਾਪਸ ਖਜ਼ਾਨੇ ‘ਚ ਜਮ੍ਹਾ ਕਰ ਰਹੀ ਹੈ। ਹੁਣ ਤੱਕ ਮੁਹਾਲੀ ਵਿੱਚ ਬਾਗਬਾਨੀ ਘੁਟਾਲੇ ਵਿੱਚ ਸ਼ਾਮਲ ਸਾਰੇ ਲੋਕਾਂ ਤੋਂ 38.12 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਜਾ ਚੁੱਕੀ ਹੈ। ਅਗਲੇ 15 ਦਿਨਾਂ ਵਿੱਚ 22 ਕਰੋੜ ਰੁਪਏ ਹੋਰ ਵਸੂਲੇ ਜਾਣਗੇ। ਇਸ ਤਰ੍ਹਾਂ 60 ਕਰੋੜ ਰੁਪਏ ਤੋਂ ਵੱਧ ਦੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਵਾਪਸ ਆ ਜਾਵੇਗੀ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਬਾਹਰੋਂ ਆਈਆਂ ਵੱਡੀਆਂ ਕੰਪਨੀਆਂ ਨੇ ਕਰੀਬ ਡੇਢ ਸਾਲ ਵਿੱਚ ਸੂਬੇ ਵਿੱਚ 50871 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ 2 ਲੱਖ 89 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ 88 ਫੀਸਦੀ ਖਪਤਕਾਰਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ।