ਲੋਕਸਭਾ ਚੋਣਾਂ 2024 : ਕਾਂਗਰਸ ਨੇ ਪੰਜਾਬ ਦੀਆਂ ਛੇ ਸੀਟਾਂ ‘ਤੇ ਉਤਾਰੇ ਉਮੀਦਵਾਰ, ਸਾਬਕਾ ਸੀਐਮ ਚੰਨੀ ਨੂੰ ਜਲੰਧਰ ਤੋਂ ਟਿਕਟ

ਲੋਕਸਭਾ ਚੋਣਾਂ 2024 : ਕਾਂਗਰਸ ਨੇ ਪੰਜਾਬ ਦੀਆਂ ਛੇ ਸੀਟਾਂ ‘ਤੇ ਉਤਾਰੇ ਉਮੀਦਵਾਰ, ਸਾਬਕਾ ਸੀਐਮ ਚੰਨੀ ਨੂੰ ਜਲੰਧਰ ਤੋਂ ਟਿਕਟ

‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਗਾਂਧੀ 2014 ਵਿੱਚ ਵੀ ਇਸੇ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ।

ਲੋਕਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਕਮਰ ਕਸ ਲਈ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਛੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਲੰਬੀ ਉਡੀਕ ਤੋਂ ਬਾਅਦ ਪਾਰਟੀ ਨੇ ਇਹ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਦੋ ਸੰਸਦ ਮੈਂਬਰ ਅਮਰ ਸਿੰਘ ਅਤੇ ਗੁਰਜੀਤ ਔਜਲਾ ਨੂੰ ਮੁੜ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸੇ ਤਰ੍ਹਾਂ ਬਾਕੀ ਚਾਰ ਸੀਟਾਂ ‘ਤੇ ਨਵੇਂ ਚਿਹਰੇ ਮੈਦਾਨ ‘ਚ ਉਤਾਰੇ ਗਏ ਹਨ।

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ। ਚੰਨੀ ਦੀ ਟਿਕਟ ਪਹਿਲਾਂ ਹੀ ਲਗਭਗ ਫਾਈਨਲ ਮੰਨੀ ਜਾ ਰਹੀ ਸੀ। ਉਨ੍ਹਾਂ ਨੇ ਜਲੰਧਰ ‘ਚ ਕਿਰਾਏ ‘ਤੇ ਮਕਾਨ ਵੀ ਲਿਆ ਸੀ। ਇੱਥੋਂ ਪਾਰਟੀ ਨੇ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਪਰਿਵਾਰ ਦੀ ਟਿਕਟ ਰੱਦ ਕਰ ਦਿੱਤੀ ਹੈ। ਭਾਰਤ ਜੋੜੋ ਯਾਤਰਾ ਦੌਰਾਨ ਸੰਸਦ ਮੈਂਬਰ ਚੌਧਰੀ ਦੀ ਮੌਤ ਹੋ ਗਈ ਸੀ।

ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਮਿਲੀ ਹੈ। ਖਹਿਰਾ ਮੌਜੂਦਾ ਵਿਧਾਇਕ ਹਨ ਅਤੇ ਉਹ ਸੀਐਮ ਮਾਨ ਦੇ ਕੱਟੜ ਵਿਰੋਧੀ ਹਨ। ਉਨ੍ਹਾਂ ਨੇ ਸੀਐਮ ਮਾਨ ਨੂੰ ਵੀ ਇਸ ਸੀਟ ਤੋਂ ਚੋਣ ਲੜਨ ਦਾ ਸੱਦਾ ਦਿੱਤਾ ਹੈ। ਇਸੇ ਤਰ੍ਹਾਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇੱਥੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਂ ਦੀ ਵੀ ਚਰਚਾ ਸੀ, ਪਰ ਪਾਰਟੀ ਨੇ ਸਿੱਧੂ ਨੂੰ ਹੀ ਚੁਣ ਲਿਆ। ਇਸੇ ਤਰ੍ਹਾਂ ਪਾਰਟੀ ਨੇ ਅੰਮ੍ਰਿਤਸਰ ਸੀਟ ਤੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਹੈ। ਅਮਰ ਸਿੰਘ ਨੂੰ ਫਤਹਿਗੜ੍ਹ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਜੋ ਮੌਜੂਦਾ ਸੰਸਦ ਮੈਂਬਰ ਵੀ ਹਨ। ਇਸੇ ਤਰ੍ਹਾਂ ‘ਆਪ’ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ। ਗਾਂਧੀ 2014 ਵਿੱਚ ਵੀ ਇਸੇ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ।