- ਸਿਹਤ
- No Comment
ਦਿੱਲੀ ਦੀ ਹਵਾ ਫਿਰ ਹੋਈ ਖ਼ਰਾਬ, 5ਵੀਂ ਤੱਕ ਦੇ ਸਕੂਲ ਬੰਦ, ਡਾਕਟਰਾਂ ਨੇ ਕਿਹਾ- ਮਾਸਕ ਜ਼ਰੂਰ ਪਾਓ
ਦਿੱਲੀ ਦੇ ਕੁਝ ਖੇਤਰਾਂ ਵਿੱਚ ਬੀਐਸ III ਪੈਟਰੋਲ ਅਤੇ ਬੀਐਸ IV ਡੀਜ਼ਲ ਚਾਰ ਪਹੀਆ ਵਾਹਨਾਂ ‘ਤੇ ਸਖਤ ਪਾਬੰਦੀ ਹੈ। ਇਸਦੇ ਨਾਲ ਹੀ, ਗੈਰ-ਜ਼ਰੂਰੀ ਉਸਾਰੀ, ਢਾਹੁਣ ਅਤੇ ਰੈਸਟੋਰੈਂਟਾਂ ਵਿੱਚ ਕੋਲੇ ਦੀ ਵਰਤੋਂ ‘ਤੇ ਪਾਬੰਦੀ ਹੈ।
ਸਰਦੀਆਂ ਆਉਂਦੇ ਹੀ ਦਿੱਲੀ ‘ਚ ਹਵਾ ਇਕ ਵਾਰ ਫਿਰ ਖ਼ਰਾਬ ਹੋ ਗਈ ਹੈ। ਇੰਡੀਆ ਗੇਟ, ਅਕਸ਼ਰਧਾਮ, ਰੋਹਿਣੀ, ਆਨੰਦ ਵਿਹਾਰ ਸਮੇਤ 13 ਖੇਤਰਾਂ ਵਿੱਚ ਏਅਰ ਕੁਆਲਿਟੀ ਇੰਡੈਕਸ (AQI) 400 ਤੋਂ ਉੱਪਰ ਦਰਜ ਕੀਤਾ ਗਿਆ। 300 ਤੋਂ ਉੱਪਰ ਦੀ AQI ਰੇਂਜ ਨੂੰ ਬੇਹੱਦ ਖਤਰਨਾਕ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਵਿਗੜਦੀ ਹਵਾ ਗੁਣਵੱਤਾ ਦੇ ਕਾਰਨ, ਏਅਰ ਕੁਆਲਿਟੀ ਮੈਨੇਜਮੈਂਟ (CAQM) ਕਮਿਸ਼ਨ ਨੇ ਦਿੱਲੀ-NCR ਵਿੱਚ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਤੀਜੇ ਪੜਾਅ ਨੂੰ ਲਾਗੂ ਕੀਤਾ ਹੈ।
GRAP ਦਾ ਪੜਾਅ III ਉਦੋਂ ਲਾਗੂ ਕੀਤਾ ਜਾਂਦਾ ਹੈ, ਜਦੋਂ AQI 401-450 ਦੀ ਰੇਂਜ ਵਿੱਚ ਗੰਭੀਰ ਹੋ ਜਾਂਦਾ ਹੈ। ਇਸ ਕਾਰਨ ਕੁਝ ਖੇਤਰਾਂ ਵਿੱਚ ਬੀਐਸ III ਪੈਟਰੋਲ ਅਤੇ ਬੀਐਸ IV ਡੀਜ਼ਲ ਚਾਰ ਪਹੀਆ ਵਾਹਨਾਂ ‘ਤੇ ਸਖਤ ਪਾਬੰਦੀ ਹੈ। ਇਸ ਦੇ ਨਾਲ ਹੀ, ਗੈਰ-ਜ਼ਰੂਰੀ ਉਸਾਰੀ, ਢਾਹੁਣ ਅਤੇ ਰੈਸਟੋਰੈਂਟਾਂ ਵਿੱਚ ਕੋਲੇ ਦੀ ਵਰਤੋਂ ‘ਤੇ ਪਾਬੰਦੀ ਹੈ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਪੰਜਵੀਂ ਜਮਾਤ ਤੱਕ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਦਿੱਲੀ ‘ਚ ਹਵਾ ਪ੍ਰਦੂਸ਼ਣ ‘ਤੇ ਅਪੋਲੋ ਹਸਪਤਾਲ ਦੇ ਡਾਕਟਰ ਨਿਖਿਲ ਮੋਦੀ ਨੇ ਕਿਹਾ ਕਿ ਅਸੀਂ ਸਾਲ ਦੇ ਉਸ ਸਮੇਂ ‘ਚ ਹਾਂ ਜਿੱਥੇ ਪ੍ਰਦੂਸ਼ਣ ਇਕ ਵਾਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ। ਸਾਹ ਲੈਣ ਵਿੱਚ ਤਕਲੀਫ਼ ਵਾਲੇ ਮਰੀਜ਼ਾਂ ਦੀ ਗਿਣਤੀ ਵਧੀ ਹੈ।
ਹੁਣ ਸਮਾਂ ਆ ਗਿਆ ਹੈ ਕਿ ਅਸੀਂ ਮਾਸਕ ਦੀ ਵਰਤੋਂ ਕਰੀਏ ਅਤੇ ਲੋੜ ਪੈਣ ‘ਤੇ ਹੀ ਬਾਹਰ ਨਿਕਲੀਏ। 3 ਸਾਲਾਂ ਬਾਅਦ ਅਕਤੂਬਰ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਦਰਜ ਕੀਤੀ ਗਈ ਹੈ। ਰਿਪੋਰਟ ਮੁਤਾਬਕ ਅਕਤੂਬਰ ਦੇ ਆਖਰੀ ਦਿਨ ਰਾਜਧਾਨੀ ਦਾ ਹਵਾ ਗੁਣਵੱਤਾ ਸੂਚਕ ਅੰਕ 327 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਅਕਤੂਬਰ 2020 ਵਿੱਚ ਦਿੱਲੀ ਦਾ ਔਸਤ AQI 257 ਦਰਜ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਅਕਤੂਬਰ 2021 ਵਿੱਚ AQI 173 ਅਤੇ ਅਕਤੂਬਰ 2022 ਵਿੱਚ 210 ਦਰਜ ਕੀਤਾ ਗਿਆ ਸੀ। ਦਿੱਲੀ ਦੇ ਆਸ-ਪਾਸ ਦੇ ਰਾਜਾਂ ਵਿੱਚ ਪਰਾਲੀ ਸਾੜਨ ਨੂੰ ਵੀ ਪ੍ਰਦੂਸ਼ਣ ਵਧਣ ਦਾ ਇੱਕ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਹਰਿਆਣਾ ਅਤੇ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਅਜੇ ਵੀ ਪਰਾਲੀ ਸਾੜਨ ਦਾ ਸਿਲਸਿਲਾ ਜਾਰੀ ਹੈ। ਇਸ ਕਾਰਨ ਦਿੱਲੀ, ਨੋਇਡਾ, ਗੁਰੂਗ੍ਰਾਮ ਅਤੇ ਆਸਪਾਸ ਦੇ ਇਲਾਕਿਆਂ ‘ਚ ਹਵਾ ‘ਚ ਧੂੰਆਂ ਵੱਧ ਰਿਹਾ ਹੈ। ਇਸ ਸਾਲ ਹੁਣ ਤੱਕ ਪਰਾਲੀ ਸਾੜਨ ਦੇ 2500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ, ਪਿਛਲੇ ਦੋ ਸਾਲਾਂ ਦੇ ਮੁਕਾਬਲੇ ਖੇਤਾਂ ‘ਚ ਪਰਾਲੀ ਸਾੜਨ ਦੀ ਗਿਣਤੀ ਘੱਟ ਹੈ।