ਚੰਡੀਗੜ੍ਹ ‘ਚ ਬਣੇਗਾ ਈਡੀ ਦਫ਼ਤਰ, ਪ੍ਰਸ਼ਾਸਨ ਨੇ ਸੈਕਟਰ-38 ‘ਚ ਦਿੱਤੀ 1.72 ਏਕੜ ਜ਼ਮੀਨ

ਚੰਡੀਗੜ੍ਹ ‘ਚ ਬਣੇਗਾ ਈਡੀ ਦਫ਼ਤਰ, ਪ੍ਰਸ਼ਾਸਨ ਨੇ ਸੈਕਟਰ-38 ‘ਚ ਦਿੱਤੀ 1.72 ਏਕੜ ਜ਼ਮੀਨ

ਈਡੀ ਦਫ਼ਤਰ ਦੀ ਉਸਾਰੀ ‘ਤੇ 59.13 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਸ ਜ਼ਮੀਨ ਸਬੰਧੀ ਈਡੀ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਇਹ ਜ਼ਮੀਨ ਡਾਇਰੈਕਟੋਰੇਟ ਦੇ ਨਾਂ ਤਬਦੀਲ ਕਰ ਦਿੱਤੀ ਗਈ ਹੈ।

ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਾ ਉੱਤਰੀ ਖੇਤਰੀ ਦਫ਼ਤਰ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਪ੍ਰਸਤਾਵਿਤ ਉੱਤਰੀ ਖੇਤਰੀ ਦਫ਼ਤਰ ਦੀ ਉਸਾਰੀ ਲਈ ਰਾਹ ਪੱਧਰਾ ਹੋ ਗਿਆ ਹੈ। ਯੂਟੀ ਪ੍ਰਸ਼ਾਸਨ ਨੇ ਇਸ ਲਈ ਸੈਕਟਰ 38 ਵੈਸਟ ਵਿੱਚ 1.72 ਏਕੜ ਜ਼ਮੀਨ ਅਲਾਟ ਕੀਤੀ ਹੈ। ਇਹ ਜ਼ਮੀਨ ਲੇਬਰ ਬਿਊਰੋ ਅਤੇ ਗੁਰਦੁਆਰਾ ਸੰਤਸਰ ਸਾਹਿਬ ਵਿਚਕਾਰ ਅਲਾਟ ਕੀਤੀ ਗਈ ਹੈ।

ਈਡੀ ਦਫ਼ਤਰ ਦੀ ਉਸਾਰੀ ‘ਤੇ 59.13 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਇਸ ਜ਼ਮੀਨ ਸਬੰਧੀ ਈਡੀ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ਤੋਂ ਬਾਅਦ ਇਹ ਜ਼ਮੀਨ ਡਾਇਰੈਕਟੋਰੇਟ ਦੇ ਨਾਂ ਤਬਦੀਲ ਕਰ ਦਿੱਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ਵਿੱਚ 220 ਮੁਲਾਜ਼ਮਾਂ ਲਈ ਰਿਹਾਇਸ਼ੀ ਕਲੋਨੀ ਬਣਾਉਣ ਲਈ ਯੂਟੀ ਪ੍ਰਸ਼ਾਸਨ ਨੂੰ ਪੱਤਰ ਵੀ ਲਿਖਿਆ ਗਿਆ ਹੈ।

ਇਸ ਵੇਲੇ ਈਡੀ ਦਾ ਇੱਕ ਦਫ਼ਤਰ ਜਲੰਧਰ ਵਿੱਚ ਸਥਿਤ ਹੈ, ਪਰ ਚੰਡੀਗੜ੍ਹ ਵਿੱਚ ਬਣਨ ਵਾਲਾ ਦਫ਼ਤਰ ਉੱਤਰੀ ਜ਼ੋਨ ਦਾ ਸਭ ਤੋਂ ਵੱਡਾ ਦਫ਼ਤਰ ਹੋਵੇਗਾ। ਹਾਲਾਂਕਿ ਡਾਇਰੈਕਟੋਰੇਟ ਨੇ ਆਰਜ਼ੀ ਤੌਰ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਸੈਕਟਰ-18 ਚੰਡੀਗੜ੍ਹ ਦੀ ਪ੍ਰੈਸ ਬਿਲਡਿੰਗ ਤੋਂ ਚਲਾਇਆ ਜਾ ਰਿਹਾ ਹੈ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡਾਇਰੈਕਟੋਰੇਟ ਨੇ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਨਵੇਂ ਦਫ਼ਤਰ ਲਈ 220 ਲੋਕਾਂ ਦਾ ਸਟਾਫ਼ ਹੋਵੇਗਾ।

ਕੇਂਦਰੀ ਲੋਕ ਨਿਰਮਾਣ ਵਿਭਾਗ ਕੋਲ ਇਨ੍ਹਾਂ ਸਾਰਿਆਂ ਨੂੰ ਅਲਾਟ ਕਰਨ ਲਈ ਲੋੜੀਂਦੇ ਫਲੈਟ ਨਹੀਂ ਹਨ, ਇਸ ਲਈ ਇਨ੍ਹਾਂ ਕਰਮਚਾਰੀਆਂ ਲਈ ਜਾਂ ਤਾਂ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਜਾਂ ਫਿਰ ਉਨ੍ਹਾਂ ਲਈ ਨਵੀਂ ਰਿਹਾਇਸ਼ੀ ਕਲੋਨੀ ਬਣਾਉਣ ਲਈ ਜ਼ਮੀਨ ਅਲਾਟ ਕੀਤੀ ਜਾਣੀ ਚਾਹੀਦੀ ਹੈ। ਡਾਇਰੈਕਟੋਰੇਟ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ 14,890 ਵਰਗ ਮੀਟਰ ਜ਼ਮੀਨ ਦੀ ਮੰਗ ਕੀਤੀ ਹੈ।