ਮੋਹਾਲੀ ‘ਚ ਅੱਜ ਤੋਂ ਪਹਿਲਾ ਪੰਜਾਬ ਟੂਰਿਜ਼ਮ ਸਮਿਟ ਟਰੈਵਲ ਮਾਰਟ, ਪੰਜਾਬ ਸਰਕਾਰ ਨੂੰ ਵੱਡੇ ਨਿਵੇਸ਼ ਦੀ ਉਮੀਦ

ਮੋਹਾਲੀ ‘ਚ ਅੱਜ ਤੋਂ ਪਹਿਲਾ ਪੰਜਾਬ ਟੂਰਿਜ਼ਮ ਸਮਿਟ ਟਰੈਵਲ ਮਾਰਟ, ਪੰਜਾਬ ਸਰਕਾਰ ਨੂੰ ਵੱਡੇ ਨਿਵੇਸ਼ ਦੀ ਉਮੀਦ

ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਨਾਲ ਭਵਿੱਖ ਵਿੱਚ ਪੰਜਾਬ ਨੂੰ ਵੱਡਾ ਆਰਥਿਕ ਲਾਭ ਹੋਵੇਗਾ। ਇਸ ਦੇ ਨਾਲ ਹੀ ਫਿਲਮ ਅਤੇ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕਰਨਗੀਆਂ।

ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਸੰਮੇਲਨ 11, 12 ਅਤੇ 13 ਸਤੰਬਰ ਤੱਕ ਮੋਹਾਲੀ ਦੇ ਸੈਕਟਰ-82 ਵਿੱਚ ਚੱਲੇਗਾ। ਪੰਜਾਬ ਸਰਕਾਰ ਨੂੰ ਪੰਜਾਬ ਤੋਂ ਹੀ ਨਹੀਂ, ਸਗੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੀ ਨਿਵੇਸ਼ਕਾਂ ਦੀ ਉਡੀਕ ਹੈ। ਪੰਜਾਬ ਸਰਕਾਰ ਵੱਲੋਂ ਮੋਹਾਲੀ ਵਿੱਚ ਕਰਵਾਇਆ ਜਾ ਰਿਹਾ ਪਹਿਲਾ ਪੰਜਾਬ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ।

ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਹ ਸੰਮੇਲਨ 13 ਸਤੰਬਰ ਤੱਕ ਚੱਲੇਗਾ। ਸੈਰ ਸਪਾਟਾ ਮੰਤਰੀ ਨੇ ਕਿਹਾ ਕਿ ਇਸ ਸੰਮੇਲਨ ਨੂੰ ਲੈ ਕੇ ਦੇਸ਼ ਦੀ ਸੈਰ ਸਪਾਟਾ ਸਨਅਤ ਵਿੱਚ ਭਾਰੀ ਉਤਸ਼ਾਹ ਹੈ। ਇਸ ਨਾਲ ਭਵਿੱਖ ਵਿੱਚ ਪੰਜਾਬ ਨੂੰ ਵੱਡਾ ਆਰਥਿਕ ਲਾਭ ਹੋਵੇਗਾ। ਇਹ ਸਮਾਗਮ ਮੋਹਾਲੀ ਦੇ ਸੈਕਟਰ-82 ਸਥਿਤ ਐਮਿਟੀ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ।

ਸੰਮੇਲਨ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਤੋਂ ਬਾਅਦ ਮੁੱਖ ਮੰਤਰੀ ਮਾਨ ਸੈਰ ਸਪਾਟਾ ਖੇਤਰ ਅਤੇ ਉਦਯੋਗ ‘ਤੇ ਆਧਾਰਿਤ ਟਰੈਵਲ ਮਾਰਟ ਦਾ ਉਦਘਾਟਨ ਵੀ ਕਰਨਗੇ। ਸੈਰ ਸਪਾਟਾ ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ 12 ਸਤੰਬਰ ਨੂੰ ਹੋਣ ਵਾਲੇ ਟਰੈਵਲ ਮਾਰਟ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਵੀ ਕੀਤੀ ਹੈ। ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਸੈਰ ਸਪਾਟਾ ਉਦਯੋਗ ਨਾਲ ਜੁੜੀਆਂ ਲਗਭਗ 600 ਉੱਘੀਆਂ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ।

ਇਸ ਦੇ ਨਾਲ ਹੀ ਫਿਲਮ ਅਤੇ ਸੰਗੀਤ ਜਗਤ ਦੀਆਂ ਮਸ਼ਹੂਰ ਹਸਤੀਆਂ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕਰਨਗੀਆਂ। ਉਦਘਾਟਨੀ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਸੰਮੀ ਨਾਚ, ਲੁੱਡੀ, ਝੂਮਰ, ਭੰਗੜੇ ਰਾਹੀਂ ਪੰਜਾਬ ਦੇ ਲੋਕ ਨਾਚਾਂ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਡਾ. ਨਿਵੇਦਿਤਾ ਅਤੇ ਭਾਈ ਅਵਤਾਰ ਸਿੰਘ ਵੱਲੋਂ ਸੰਗੀਤਕ ਪੇਸ਼ਕਾਰੀਆਂ ਵੀ ਦਿੱਤੀਆਂ ਜਾਣਗੀਆਂ।

ਉਦਘਾਟਨੀ ਸਮਾਰੋਹ ਤੋਂ ਬਾਅਦ ਅੰਮ੍ਰਿਤਸਰ ਐਜ਼ ਏ ਵੈਡਿੰਗ ਡੈਸਟੀਨੇਸ਼ਨ, ਹੈਰੀਟੇਜ ਟੂਰਿਜ਼ਮ, ਈਕੋ ਐਂਡ ਫਾਰਮ ਟੂਰਿਜ਼ਮ, ਅੰਮ੍ਰਿਤਸਰ ਦਿ ਹਿੰਟਰਲੈਂਡ ਐਂਡ ਕਲੂਨੀ ਟੂਰਿਜ਼ਮ, ਵੈਲਨੈਸ ਟੂਰਿਜ਼ਮ ਅਤੇ ਮੀਡੀਆ ਐਂਡ ਐਂਟਰਟੇਨਮੈਂਟ ਟੂਰਿਜ਼ਮ ਵਿਸ਼ਿਆਂ ’ਤੇ ਵੱਖ-ਵੱਖ ਸੈਸ਼ਨ ਆਯੋਜਿਤ ਕੀਤੇ ਜਾਣਗੇ। ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਪੰਜਾਬ ਦੇ ਸੈਰ ਸਪਾਟਾ ਸਥਾਨਾਂ ‘ਤੇ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰੇਗੀ। ਇਨ੍ਹਾਂ ‘ਚ ਸੂਬੇ ਦੀ ਪੂਰੀ ਝਲਕ ‘ਰੰਗਲਾ ਪੰਜਾਬ’ ਪ੍ਰੋਗਰਾਮ ‘ਚ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਫੈਸਟੀਵਲ ਨੂੰ ਕੌਮੀ ਫੈਸਟੀਵਲ ਵਜੋਂ ਦਰਜ ਕਰਵਾਉਣ ਲਈ ਵੀ ਉਪਰਾਲੇ ਕਰੇਗੀ।