ਲੋਕਸਭਾ ਚੋਣਾਂ 2024 : ਦਿੱਲੀ ਤੋਂ ਹੰਸ ਰਾਜ ਹੰਸ ਦੀ ਟਿਕਟ ਕਟੀ, ਗੌਤਮ ਗੰਭੀਰ ਨੂੰ ਵੀ ਟਿਕਟ ਨਹੀਂ

ਲੋਕਸਭਾ ਚੋਣਾਂ 2024 : ਦਿੱਲੀ ਤੋਂ ਹੰਸ ਰਾਜ ਹੰਸ ਦੀ ਟਿਕਟ ਕਟੀ, ਗੌਤਮ ਗੰਭੀਰ ਨੂੰ ਵੀ ਟਿਕਟ ਨਹੀਂ

ਸੂਤਰਾਂ ਮੁਤਾਬਕ ਭਾਜਪਾ ਪੰਜਾਬ ‘ਚ ਹੰਸ ਰਾਜ ਹੰਸ ‘ਤੇ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ, ਪਰ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ

ਲੋਕ ਸਭਾ ਚੋਣਾਂ ਨੂੰ ਘਟ ਸਮਾਂ ਰਹਿ ਗਿਆ ਹੈ ਅਤੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਆਪਣੀ ਤਿਆਰੀ ਸ਼ੁਰੂ ਕਰ ਦਿਤੀ ਹੈ। ਸਿਆਸੀ ਪਾਰਟੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਰਹੀਆਂ ਹਨ। ਇਸ ਦੌਰਾਨ ਮਸ਼ਹੂਰ ਗਾਇਕ ਤੋਂ ਸਿਆਸਤਦਾਨ ਬਣੇ ਹੰਸ ਰਾਜ ਹੰਸ ਨੂੰ ਲੋਕ ਸਭਾ ਚੋਣਾਂ ‘ਚ ਭਾਜਪਾ ਤੋਂ ਟਿਕਟ ਨਾ ਮਿਲਣ ਦੀਆਂ ਅਟਕਲਾਂ ਵਿਚਾਲੇ ਵੱਡੀ ਖ਼ਬਰ ਸਾਹਮਣੇ ਆਈ ਹੈ।

ਭਾਜਪਾ ਨੇ 72 ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਹੰਸ ਰਾਜ ਹੰਸ ਨੂੰ ਦਿੱਲੀ ਲੋਕ ਸਭਾ ਸੀਟ ਤੋਂ ਟਿਕਟ ਨਹੀਂ ਦਿੱਤੀ ਗਈ ਹੈ। ਭਾਜਪਾ ਨੇ ਦਿੱਲੀ ਦੀਆਂ 2 ਸੀਟਾਂ ‘ਤੇ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਰੱਦ ਕਰਕੇ ਨਵੇਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ‘ਚ ਭਾਜਪਾ ਨੇ ਪੂਰਬੀ ਦਿੱਲੀ ਤੋਂ ਗੌਤਮ ਗੰਭੀਰ ਅਤੇ ਉੱਤਰ-ਪੱਛਮੀ ਦਿੱਲੀ ਤੋਂ ਹੰਸ ਰਾਜ ਹੰਸ ਦੀਆਂ ਟਿਕਟਾਂ ਵੀ ਰੱਦ ਕਰ ਦਿੱਤੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਭਾਜਪਾ ਨੇ ਹੰਸ ਰਾਜ ਹੰਸ ਦੀ ਟਿਕਟ ਰੱਦ ਕਰਨ ਤੋਂ ਬਾਅਦ ਉੱਤਰ-ਪੱਛਮੀ ਦਿੱਲੀ ਦੀ ਰਾਖਵੀਂ ਸੀਟ ਤੋਂ ਯੋਗੇਂਦਰ ਚੰਦੋਲੀਆ ਨੂੰ ਮੈਦਾਨ ‘ਚ ਉਤਾਰਿਆ ਹੈ। ਸੂਤਰਾਂ ਮੁਤਾਬਕ ਭਾਜਪਾ ਪੰਜਾਬ ‘ਚ ਹੰਸ ਰਾਜ ਹੰਸ ‘ਤੇ ਵੱਡਾ ਦਾਅ ਖੇਡਣ ਦੀ ਤਿਆਰੀ ਕਰ ਰਹੀ ਹੈ। ਪਾਰਟੀ ਉਨ੍ਹਾਂ ਨੂੰ ਆਪਣੇ ਜਲੰਧਰ ਜਾਂ ਹੁਸ਼ਿਆਰਪੁਰ ਹਲਕੇ ਤੋਂ ਲੋਕ ਸਭਾ ਉਮੀਦਵਾਰ ਐਲਾਨ ਸਕਦੀ ਹੈ। ਹਾਲਾਂਕਿ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਪਾਰਟੀ ਵੱਲੋਂ ਹੰਸ ਰਾਜ ਹੰਸ ਨੂੰ ਉਨ੍ਹਾਂ ਦੀ ਜਿੱਤੀ ਹੋਈ ਸੀਟ ਤੋਂ ਟਿਕਟ ਨਾ ਦੇਣਾ ਯਕੀਨੀ ਤੌਰ ‘ਤੇ ਇਸ ਗੱਲ ਦਾ ਸੰਕੇਤ ਦੇ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਤਸਵੀਰ ਸਪੱਸ਼ਟ ਹੋ ਜਾਵੇਗੀ, ਜਦੋਂ ਭਾਜਪਾ ਪੰਜਾਬ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ।