- ਅੰਤਰਰਾਸ਼ਟਰੀ
- No Comment
ਜਾਪਾਨ ‘ਚ ਭੂਚਾਲ ਕਾਰਨ ਹੁਣ ਤੱਕ 30 ਮੌਤਾਂ, ਬੁਲੇਟ ਟਰੇਨ ‘ਚ ਫਸੇ 1400 ਲੋਕ, 200 ਇਮਾਰਤਾਂ ਜੱਲ ਕੇ ਹੋਇਆ ਰਾਖ
ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਰ ਪਾਸੇ ਅੱਗ ਲੱਗੀ ਹੋਈ ਹੈ, ਲੋਕ ਇਮਾਰਤਾਂ ਹੇਠਾਂ ਦੱਬੇ ਹੋਏ ਹਨ। ਸਮਾਂ ਘੱਟ ਹੈ ਅਤੇ ਹੋਰ ਜਾਨਾਂ ਬਚਾਉਣੀਆਂ ਪੈਣਗੀਆਂ।
ਜਾਪਾਨ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.6 ਤੀਬਰਤਾ ਦਾ ਭੂਚਾਲ ਆਇਆ। ਜਾਪਾਨ ਟੂਡੇ ਦੇ ਅਨੁਸਾਰ, ਹੁਣ ਤੱਕ 30 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ 50 ਝਟਕੇ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਰਹੀ ਹੈ। ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ, 32,500 ਘਰਾਂ ਵਿੱਚ ਬਿਜਲੀ ਨਹੀਂ ਹੈ।
ਜਾਪਾਨ ‘ਚ ਇੱਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜਾਪਾਨ ‘ਚ ਭੂਚਾਲ ਤੋਂ ਬਾਅਦ ਕਈ ਟਰੇਨਾਂ ਅਤੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਨੋਟੋ ਖੇਤਰ ਵਿੱਚ ਸਭ ਤੋਂ ਵੱਧ ਤਬਾਹੀ ਹੋਈ ਹੈ। ਇੱਥੇ ਏਅਰਪੋਰਟ ਦਾ ਰਨਵੇ, ਟਰਮੀਨਲ ਅਤੇ ਐਕਸੈਸ ਰੋਡ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਇਸ ਕਾਰਨ ਇੱਥੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਜਾਪਾਨ ਦੇ ਰਾਜਾ ਨਰੂਹਿਤੋ ਨੇ ਇਸ਼ੀਕਾਵਾ ਦੇ ਭੂਚਾਲ ਪੀੜਤਾਂ ਲਈ ਹਮਦਰਦੀ ਵਜੋਂ ਨਵੇਂ ਸਾਲ ਦੇ ਜਸ਼ਨਾਂ ਨੂੰ ਰੱਦ ਕਰ ਦਿੱਤਾ ਹੈ। ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। 8 ਹਜ਼ਾਰ ਤੋਂ ਵੱਧ ਜਵਾਨਾਂ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ। ਨੁਕਸਾਨ ਦਾ ਮੁਆਇਨਾ ਕਰਨ ਲਈ ਫੌਜ ਦੇ 20 ਜਹਾਜ਼ ਤਾਇਨਾਤ ਕੀਤੇ ਗਏ ਹਨ।
ਬੀਬੀਸੀ ਮੁਤਾਬਕ 19 ਹਸਪਤਾਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਆ ਰਹੀ ਹੈ। ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਰ ਪਾਸੇ ਅੱਗ ਲੱਗੀ ਹੋਈ ਹੈ, ਲੋਕ ਇਮਾਰਤਾਂ ਹੇਠਾਂ ਦੱਬੇ ਹੋਏ ਹਨ। ਸਮਾਂ ਘੱਟ ਹੈ ਅਤੇ ਹੋਰ ਜਾਨਾਂ ਬਚਾਉਣੀਆਂ ਪੈਣਗੀਆਂ।