- ਅੰਤਰਰਾਸ਼ਟਰੀ
- No Comment
ਕੈਨੇਡਾ ‘ਚ ਹਿੰਦੂ ਮੰਚ ਨੇ ਪੰਨੂ ‘ਤੇ ਕਾਰਵਾਈ ਦੀ ਕੀਤੀ ਮੰਗ, ਕਿਹਾ- ਕੱਟੜਵਾਦੀ ਦੀ ਕੈਨੇਡਾ ‘ਚ ਐਂਟਰੀ ‘ਤੇ ਲਗੇ ਬੈਨ

ਥੋਰਨਿੰਗ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪੰਨੂ ਦੀਆਂ ਧਮਕੀਆਂ ਕਾਰਨ ਨਾ ਸਿਰਫ਼ ਹਿੰਦੂਆਂ ਵਿੱਚ ਸਗੋਂ ਕੈਨੇਡੀਅਨ ਭਾਈਚਾਰੇ ਦੇ ਕਈ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ।
ਗੁਰਪਤਵੰਤ ਸਿੰਘ ਪੰਨੂ ਵਿਦੇਸ਼ ਵਿਚ ਬੈਠ ਕੇ ਅਕਸਰ ਭਾਰਤ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ। ਹਿੰਦੂ ਫੋਰਮ ਕੈਨੇਡਾ ਨੇ ਕੈਨੇਡਾ ‘ਚ ਰਹਿ ਰਹੇ ਖਾਲਿਸਤਾਨੀ ਅੱਤਵਾਦੀ ਅਤੇ ਸਿੱਖ ਫਾਰ ਜਸਟਿਸ (ਐੱਸਐੱਫਜੇ) ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਫੋਰਮ ਦੇ ਵਕੀਲ ਪੀਟਰ ਥੋਰਨਿੰਗ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪੰਨੂ ਦੇ ਦਾਖਲੇ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ। ਥੋਰਨਿੰਗ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਪੰਨੂ ਦੀਆਂ ਧਮਕੀਆਂ ਕਾਰਨ ਨਾ ਸਿਰਫ਼ ਹਿੰਦੂਆਂ ਵਿੱਚ ਸਗੋਂ ਕੈਨੇਡੀਅਨ ਭਾਈਚਾਰੇ ਦੇ ਕਈ ਲੋਕਾਂ ਵਿੱਚ ਵੀ ਡਰ ਦਾ ਮਾਹੌਲ ਹੈ। ਇਸ ਤੋਂ ਬਾਅਦ ਉਨ੍ਹਾਂ ਹਿੰਦੂਆਂ ਵਿਰੁੱਧ ਨਫਰਤ ਫੈਲਾਉਣ ਲਈ ਪੰਨੂ ਵਿਰੁੱਧ ਕਾਰਵਾਈ ਕਰਨ ਅਤੇ ਉਸ ਦੇ ਕੈਨੇਡਾ ਆਉਣ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ।

ਥੋਰਨਿੰਗ ਨੇ ਆਪਣੇ ਪੱਤਰ ਵਿੱਚ ਅੱਗੇ ਲਿਖਿਆ ਕਿ ਕੈਨੇਡਾ ਨੂੰ ਕਿਸੇ ਵਿਸ਼ੇਸ਼ ਭਾਈਚਾਰੇ ਵਿਰੁੱਧ ਹਿੰਸਾ ਭੜਕਾਉਣ ਦੀਆਂ ਕੋਸ਼ਿਸ਼ਾਂ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੱਤਰ ‘ਚ ਹਿੰਦੂ ਫੋਰਮ ਨੇ ਦੱਸਿਆ ਹੈ ਕਿ ਕਿਵੇਂ ਪੰਨੂ ਦੀ ਵੀਡੀਓ ਦਾ ਨਾ ਸਿਰਫ਼ ਬਜ਼ੁਰਗਾਂ ‘ਤੇ ਸਗੋਂ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਪੜ੍ਹਦੇ ਬੱਚਿਆਂ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।
ਥੋਰਨਿੰਗ ਨੇ ਕਿਹਾ ਹੈ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਜ਼ਰੂਰੀ ਹੈ ਕਿ ਕੈਨੇਡਾ ਅਜਿਹੇ ਭਾਸ਼ਣਾਂ ਨੂੰ ਨਜ਼ਰਅੰਦਾਜ਼ ਨਾ ਕਰੇ। ਫੋਰਮ ਨੇ ਇਹ ਵੀ ਕਿਹਾ ਹੈ ਕਿ ਜੇਕਰ ਵੀਡੀਓ ਬਣਾਉਣ ਸਮੇਂ ਪੰਨੂ ਕੈਨੇਡਾ ਵਿੱਚ ਸੀ ਤਾਂ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਅਤੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਥੋਰਨਿੰਗ ਨੇ ਕਿਹਾ ਕਿ ਪੰਨੂੰ ਅਤੇ ਉਸਦੇ ਸਾਥੀ ਲਗਾਤਾਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਸਾਰੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਭਾਰਤ ਜਾਣ ਲਈ ਕਿਹਾ ਜਾ ਰਿਹਾ ਹੈ। ਪੰਨੂ ਨੇ ਹਿੰਦੂ ਭਾਈਚਾਰੇ ਦੇ ਲੋਕਾਂ ‘ਤੇ ਦੋਸ਼ ਲਗਾਇਆ ਹੈ ਕਿ ਉਹ ਉਸੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਹਨ, ਜਿੱਥੇ ਉਹ ਰਹਿੰਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਕਮਾਉਂਦੇ ਹਨ।
ਦਰਅਸਲ, ਕਰੀਬ ਇੱਕ ਹਫ਼ਤਾ ਪਹਿਲਾਂ ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਭਾਰਤੀ ਮੂਲ ਦੇ ਹਿੰਦੂਆਂ ਨੂੰ ਕੈਨੇਡਾ ਛੱਡ ਕੇ ਵਾਪਸ ਜਾਣ ਦੀ ਧਮਕੀ ਦਿੱਤੀ ਸੀ। ਵੀਡੀਓ ਵਿੱਚ ਉਨ੍ਹਾਂ ਕਿਹਾ ਸੀ ਕਿ ਹਿੰਦੂਆਂ ਦਾ ਦੇਸ਼ ਭਾਰਤ ਹੈ ਅਤੇ ਉਨ੍ਹਾਂ ਨੂੰ ਕੈਨੇਡਾ ਛੱਡ ਕੇ ਭਾਰਤ ਵਾਪਸ ਆ ਜਾਣਾ ਚਾਹੀਦਾ ਹੈ। ਕੈਨੇਡਾ ਵਿੱਚ ਸਿਰਫ਼ ਉਹੀ ਸਿੱਖ ਹੀ ਰਹਿਣਗੇ, ਜੋ ਖਾਲਿਸਤਾਨ ਦੇ ਸਮਰਥਕ ਹਨ। ਪੰਨੂ ਨੇ ਇਹ ਵੀ ਕਿਹਾ ਸੀ ਕਿ ਖਾਲਿਸਤਾਨ ਪੱਖੀ ਸਿੱਖ ਹਮੇਸ਼ਾ ਕੈਨੇਡਾ ਦੇ ਪ੍ਰਤੀ ਵਫਾਦਾਰ ਰਹੇ ਹਨ ਅਤੇ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਦੀ ਪਾਲਣਾ ਕਰਦੇ ਹਨ।