ਰਣਜੀ ਟਰਾਫੀ ‘ਚ ਨਾ ਖੇਡਣ ਵਾਲਿਆਂ ਖਿਡਾਰੀਆਂ ਨੂੰ ਜੈ ਸ਼ਾਹ ਦੀ ‘ਚੇਤਾਵਨੀ’, ਰਣਜੀ ਮੈਚ ਖੇਡਣੇ ਜਰੂਰੀ

ਰਣਜੀ ਟਰਾਫੀ ‘ਚ ਨਾ ਖੇਡਣ ਵਾਲਿਆਂ ਖਿਡਾਰੀਆਂ ਨੂੰ ਜੈ ਸ਼ਾਹ ਦੀ ‘ਚੇਤਾਵਨੀ’, ਰਣਜੀ ਮੈਚ ਖੇਡਣੇ ਜਰੂਰੀ

ਜੈ ਸ਼ਾਹ ਨੇ ਕਿਹਾ ਕਿ ਜਦੋਂ ਖਿਡਾਰੀਆਂ ਨੂੰ ਨਿੱਜੀ ਕਾਰਨਾਂ ਕਰਕੇ ਛੁੱਟੀ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ 15 ਸਾਲ ਬਾਅਦ ਨਿੱਜੀ ਛੁੱਟੀ ਮੰਗ ਰਿਹਾ ਹੈ ਤਾਂ ਇਹ ਮੰਗਣਾ ਉਸਦਾ ਅਧਿਕਾਰ ਹੈ।

ਰਣਜੀ ਟਰਾਫੀ ਨੂੰ ਲੈ ਕੇ BCCI ਸਕੱਤਰ ਜੈ ਸ਼ਾਹ ਨੇ ਇਕ ਅਹਿਮ ਬਿਆਨ ਦਿਤਾ ਹੈ। ਹਾਲ ਹੀ ਵਿੱਚ, ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਬੀਸੀਸੀਆਈ ਨੇ ਇੱਕ ਆਦੇਸ਼ ਜਾਰੀ ਕਰਕੇ ਕਿਹਾ ਹੈ, ਕਿ ਜੋ ਖਿਡਾਰੀ ਭਾਰਤੀ ਟੀਮ ਤੋਂ ਬਾਹਰ ਹਨ ਅਤੇ ਜ਼ਖਮੀ ਨਹੀਂ ਹਨ, ਉਨ੍ਹਾਂ ਲਈ ਘਰੇਲੂ ਕ੍ਰਿਕਟ ਖੇਡਣਾ ਲਾਜ਼ਮੀ ਹੈ, ਅਜਿਹਾ ਨਾ ਹੋਣ ‘ਤੇ ਖਿਡਾਰੀਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਸਕਦੀ ਹੈ।

BCCI ਸਕੱਤਰ ਜੈ ਸ਼ਾਹ ਨੇ ਹੁਣ ਇਸ ਮੁੱਦੇ ‘ਤੇ ਵੱਡਾ ਬਿਆਨ ਦਿੱਤਾ ਹੈ। ਜੈ ਸ਼ਾਹ ਨੇ ਇਸ ਨੂੰ ਅਹਿਮ ਮੁੱਦਾ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਖਿਡਾਰੀਆਂ ਨੂੰ ਰਣਜੀ ਟਰਾਫੀ ‘ਚ ਹਿੱਸਾ ਲੈਣ ਲਈ ਪੱਤਰ ਲਿਖਣਗੇ। ਜੈ ਸ਼ਾਹ ਨੇ ਕਿਹਾ ਕਿ ਇਹ ਅਹਿਮ ਮੁੱਦਾ ਹੈ। ਸਾਰੇ ਕੇਂਦਰੀ ਇਕਰਾਰਨਾਮੇ ਦੇ ਖਿਡਾਰੀਆਂ ਨੂੰ ਫੋਨ ‘ਤੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮੈਂ ਉਨ੍ਹਾਂ ਨੂੰ ਵੀ ਲਿਖਾਂਗਾ। ਜੇਕਰ ਤੁਹਾਡਾ ਕਪਤਾਨ ਅਤੇ ਕੋਚ ਤੁਹਾਨੂੰ ਖੇਡਣ ਦੀ ਹਿਦਾਇਤ ਦਿੰਦੇ ਹਨ, ਤਾਂ ਤੁਹਾਨੂੰ ਇਸਦੀ ਪਾਲਣਾ ਕਰਨੀ ਪਵੇਗੀ ਅਤੇ ਰੈੱਡ-ਬਾਲ ਕ੍ਰਿਕਟ ਵਿੱਚ ਹਿੱਸਾ ਲੈਣਾ ਪਵੇਗਾ।

ਇਹ ਹਦਾਇਤ ਸਾਰੇ ਨੌਜਵਾਨ ਅਤੇ ਫਿੱਟ ਖਿਡਾਰੀਆਂ ‘ਤੇ ਲਾਗੂ ਹੁੰਦੀ ਹੈ। ਈਸ਼ਾਨ ਕਿਸ਼ਨ ਦੱਖਣੀ ਅਫਰੀਕਾ ਦੌਰੇ ਤੋਂ ਹਟਣ ਤੋਂ ਬਾਅਦ ਭਾਰਤੀ ਟੀਮ ਤੋਂ ਦੂਰ ਹਨ। ਉਹ ਅਫਗਾਨਿਸਤਾਨ ਸੀਰੀਜ਼ ਦਾ ਹਿੱਸਾ ਨਹੀਂ ਸੀ ਅਤੇ ਇੰਗਲੈਂਡ ਟੈਸਟ ਲਈ ਨਹੀਂ ਚੁਣਿਆ ਗਿਆ ਸੀ, ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਕਿਸ਼ਨ ਨੂੰ ਟੀਮ ਵਿੱਚ ਵਾਪਸੀ ਲਈ ਕੁਝ ਕ੍ਰਿਕਟ ਖੇਡਣ ਦੀ ਲੋੜ ਸੀ।

ਜੈ ਸ਼ਾਹ ਨੇ ਈਸ਼ਾਨ ਕਿਸ਼ਨ ਬਾਰੇ ਕਿਹਾ ਕਿ ਉਹ ਇਕ ਨੌਜਵਾਨ ਖਿਡਾਰੀ ਹੈ, ਮੈਂ ਉਸ ਬਾਰੇ ਖਾਸ ਤੌਰ ‘ਤੇ ਰਣਜੀ ਟਰਾਫੀ ਵਿਚ ਖੇਡਣ ਬਾਰੇ ਨਹੀਂ ਕਹਿ ਰਿਹਾ ਕਿਉਂਕਿ ਇਹ ਸਾਰੇ ਖਿਡਾਰੀਆਂ ‘ਤੇ ਬਰਾਬਰ ਲਾਗੂ ਹੋਵੇਗਾ। ਜੈ ਸ਼ਾਹ ਨੇ ਕਿਹਾ ਕਿ ਜਦੋਂ ਖਿਡਾਰੀਆਂ ਨੂੰ ਨਿੱਜੀ ਕਾਰਨਾਂ ਕਰਕੇ ਛੁੱਟੀ ਦੀ ਲੋੜ ਹੁੰਦੀ ਹੈ ਤਾਂ ਉਨ੍ਹਾਂ ਦਾ ਸਮਰਥਨ ਕਰਨਾ ਮਹੱਤਵਪੂਰਨ ਹੁੰਦਾ ਹੈ, ਜਿਵੇਂ ਕਿ ਵਿਰਾਟ ਕੋਹਲੀ ਦੇ ਮਾਮਲੇ ਵਿੱਚ ਹੈ, ਜਿਸ ਨੇ ਇੰਗਲੈਂਡ ਦੇ ਖਿਲਾਫ ਚੱਲ ਰਹੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ 15 ਸਾਲ ਬਾਅਦ ਨਿੱਜੀ ਛੁੱਟੀ ਮੰਗ ਰਿਹਾ ਹੈ ਤਾਂ ਇਹ ਮੰਗਣਾ ਉਸ ਦਾ ਅਧਿਕਾਰ ਹੈ। ਵਿਰਾਟ ਅਜਿਹਾ ਖਿਡਾਰੀ ਨਹੀਂ ਹੈ ਜੋ ਬਿਨਾਂ ਕਿਸੇ ਕਾਰਨ ਛੁੱਟੀ ਮੰਗੇਗਾ। ਸਾਨੂੰ ਆਪਣੇ ਖਿਡਾਰੀਆਂ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ‘ਤੇ ਭਰੋਸਾ ਕਰਨਾ ਚਾਹੀਦਾ ਹੈ।