- ਪੰਜਾਬ
- No Comment
ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਨੂੰ ਤੋਹਫਾ, ਹੁਣ ਦਿੱਲੀ ਏਅਰਪੋਰਟ ‘ਤੇ ਖੁਲ੍ਹੇਗਾ ਸੁਵਿਧਾ ਕੇਂਦਰ
ਇਹ ਸੁਵਿਧਾ ਕੇਂਦਰ 24*7 ਕੰਮ ਕਰੇਗਾ। ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ।
ਪੰਜਾਬ ਦੇ ਲੋਕਾਂ ਲਈ ਇਕ ਖੁਸ਼ੀ ਭਰੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸੀ.ਐਮ ਪੰਜਾਬੀਆਂ ਨੂੰ ਭਗਵੰਤ ਮਾਨ ਨੇ ਬਹੁਤ ਵੱਡਾ ਤੋਹਫਾ ਦਿੱਤਾ ਹੈ। ਜਾਣਕਾਰੀ ਮੁਤਾਬਕ ਦਿੱਲੀ ਏਅਰਪੋਰਟ ‘ਤੇ ਪੰਜਾਬੀਆਂ ਲਈ ਵਿਸ਼ੇਸ਼ ਕਾਊਂਟਰ ਖੋਲ੍ਹਿਆ ਜਾਵੇਗਾ। ਪੰਜਾਬੀਆਂ ਨੂੰ ਇੱਥੇ ਵਿਸ਼ੇਸ਼ ਸਹੂਲਤਾਂ ਮਿਲਣਗੀਆਂ। ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ‘ਤੇ ਸੁਵਿਧਾ ਕੇਂਦਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਟਰਮੀਨਲ-3, ਨਵੀਂ ਦਿੱਲੀ ਵਿਖੇ ਸਥਿਤ ਹੋਵੇਗਾ। ਇਸ ਸਬੰਧੀ ਪੰਜਾਬ ਸਰਕਾਰ ਅਤੇ ਜੀ.ਐਮ.ਆਰ., ਨਵੀਂ ਦਿੱਲੀ ਵਿਚਕਾਰ 12 ਜੂਨ, 2024 ਨੂੰ ਦੋ ਸਾਲਾਂ ਲਈ ਇਕ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਸਨ।
ਜਿਕਰਯੋਗ ਹੈ ਕਿ ਇਹ ਸੁਵਿਧਾ ਕੇਂਦਰ 24*7 ਕੰਮ ਕਰੇਗਾ। ਇਸ ਸੁਵਿਧਾ ਕੇਂਦਰ ਦਾ ਉਦੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪ੍ਰਵਾਸੀ ਭਾਰਤੀਆਂ ਅਤੇ ਹੋਰ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਕੇਂਦਰ ਵਿੱਚ 2 ਇਨੋਵਾ ਕਾਰਾਂ ਹੋਣਗੀਆਂ ਜੋ ਪੰਜਾਬ ਭਵਨ ਅਤੇ ਹੋਰ ਨੇੜਲੇ ਸਥਾਨਾਂ ਤੱਕ ਯਾਤਰੀਆਂ ਦੀ ਸਥਾਨਕ ਆਵਾਜਾਈ ਵਿੱਚ ਮਦਦ ਕਰਨ ਲਈ ਉਪਲਬਧ ਹੋਣਗੀਆਂ।
ਇਸ ਸੁਵਿਧਾ ਕੇਂਦਰ ‘ਤੇ, ਯਾਤਰੀ/ਰਿਸ਼ਤੇਦਾਰ ਫਲਾਈਟਾਂ, ਕਨੈਕਟਿੰਗ ਫਲਾਈਟਾਂ, ਟੈਕਸੀ ਸੇਵਾਵਾਂ, ਗੁੰਮ ਹੋਏ ਸਮਾਨ ਦੀਆਂ ਸਹੂਲਤਾਂ ਅਤੇ ਹਵਾਈ ਅੱਡੇ ‘ਤੇ ਲੋੜੀਂਦੀ ਕੋਈ ਹੋਰ ਸਹਾਇਤਾ ਪ੍ਰਾਪਤ ਕਰਨ ਦੇ ਯੋਗ ਹੋਣਗੇ। ਐਮਰਜੈਂਸੀ ਦੀ ਸਥਿਤੀ ਵਿੱਚ, ਉਪਲਬਧਤਾ ਦੇ ਅਧਾਰ ‘ਤੇ, ਪੰਜਾਬ ਭਵਨ, ਦਿੱਲੀ ਵਿੱਚ ਕੁਝ ਕਮਰੇ ਯਾਤਰੀਆਂ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਉਪਲਬਧ ਕਰਵਾਏ ਜਾਣਗੇ। ਇਸ ਦੌਰਾਨ, ਇੱਕ ਸਹਾਇਤਾ ਕੇਂਦਰ ਨੰਬਰ (011-61232182) ਜਾਰੀ ਕੀਤਾ ਗਿਆ ਹੈ, ਜਿਸ ਨੂੰ ਯਾਤਰੀ ਕਿਸੇ ਵੀ ਸਮੇਂ ਸਹਾਇਤਾ ਪ੍ਰਾਪਤ ਕਰਨ ਲਈ ਵਰਤ ਸਕਦੇ ਹਨ।