ਬ੍ਰਿਟੇਨ : ਲੇਬਰ ਪਾਰਟੀ ਦੇ 100 ਸੀਟਾਂ ਦੇ ਅੰਕੜੇ ਨੂੰ ਪਾਰ ਕਰਨ ‘ਤੇ ਕੀਰ ਸਟਾਰਮਰ ਨੇ ਕਿਹਾ, ‘ਯੂਕੇ ਬਦਲਾਅ ਲਈ ਤਿਆਰ ਹੈ’

ਬ੍ਰਿਟੇਨ : ਲੇਬਰ ਪਾਰਟੀ ਦੇ 100 ਸੀਟਾਂ ਦੇ ਅੰਕੜੇ ਨੂੰ ਪਾਰ ਕਰਨ ‘ਤੇ ਕੀਰ ਸਟਾਰਮਰ ਨੇ ਕਿਹਾ, ‘ਯੂਕੇ ਬਦਲਾਅ ਲਈ ਤਿਆਰ ਹੈ’

137 ਸੀਟਾਂ ਲਈ ਹੁਣ ਤੱਕ ਜਾਰੀ ਨਤੀਜਿਆਂ ਵਿੱਚ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ 14 ਸੀਟਾਂ ਮਿਲੀਆਂ ਹਨ। ਜਦੋਂ ਕਿ ਲੇਬਰ ਪਾਰਟੀ ਨੇ 108 ਸੀਟਾਂ ਜਿੱਤੀਆਂ ਹਨ।

ਬ੍ਰਿਟੇਨ ਵਿਚ ਹੋਇਆ ਆਮ ਚੋਣਾਂ ਦੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ ਅਤੇ ਸੁਨਕ ਦੀ ਪਾਰਟੀ ਇਸ ਸਮੇਂ ਕਾਫੀ ਪਿੱਛੇ ਚਲ ਰਹੀ ਹੈ। ਬ੍ਰਿਟੇਨ ਵਿਚ 4 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਵੋਟਿੰਗ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। 137 ਸੀਟਾਂ ਲਈ ਹੁਣ ਤੱਕ ਜਾਰੀ ਨਤੀਜਿਆਂ ਵਿੱਚ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ 14 ਸੀਟਾਂ ਮਿਲੀਆਂ ਹਨ। ਜਦੋਂ ਕਿ ਲੇਬਰ ਪਾਰਟੀ ਨੇ 108 ਸੀਟਾਂ ਜਿੱਤੀਆਂ ਹਨ। ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਕੀਰ ਸਟਾਰਮਰ ਨੇ ਲੰਡਨ ਦੀਆਂ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਸੀਟਾਂ ਵੀ ਜਿੱਤੀਆਂ ਹਨ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਸਵੇਰੇ 7 ਵਜੇ (ਭਾਰਤੀ ਸਮੇਂ ਅਨੁਸਾਰ 11:30 ਵਜੇ) 40 ਹਜ਼ਾਰ ਪੋਲਿੰਗ ਕੇਂਦਰਾਂ ‘ਤੇ ਵੋਟਿੰਗ ਸ਼ੁਰੂ ਹੋਈ ਸੀ। ਰਾਤ 10 ਵਜੇ (ਭਾਰਤੀ ਸਮੇਂ ਅਨੁਸਾਰ 2:30 ਵਜੇ) ਵੋਟਿੰਗ ਖਤਮ ਹੋਣ ਤੋਂ ਤੁਰੰਤ ਬਾਅਦ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਏ। ਇਸ ਵਿੱਚ ਭਾਰਤਵੰਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਦੀ ਕਰਾਰੀ ਹਾਰ ਦੀ ਭਵਿੱਖਬਾਣੀ ਕੀਤੀ ਗਈ ਹੈ। ਲੰਡਨ ਵਿੱਚ ਹੋਲਬੋਰਨ ਅਤੇ ਸੇਂਟ ਪੈਨਕ੍ਰਾਸ ਸੀਟ ਜਿੱਤਣ ਤੋਂ ਬਾਅਦ ਕੀਰ ਸਟਾਰਮਰ ਨੇ ਕਿਹਾ, “ਮੈਂ ਆਪਣੇ ਹਲਕੇ ਵਿੱਚ ਰਹਿਣ ਵਾਲੇ ਹਰ ਨਾਗਰਿਕ ਦੇ ਹਿੱਤ ਵਿੱਚ ਕੰਮ ਕਰਾਂਗਾ। ਮੈਂ ਸਾਰਿਆਂ ਦੀ ਆਵਾਜ਼ ਬਣਾਂਗਾ। ਦੇਸ਼ ਦੇ ਲੋਕ ਹੁਣ ਬਦਲਾਅ ਲਈ ਤਿਆਰ ਹਨ। ਇਹ ਦਿਖਾਵੇ ਦੀ ਰਾਜਨੀਤੀ ਦਾ ਅੰਤ ਹੈ, ਹੁਣ ਅਸੀਂ ਬਦਲਾਅ ਲਿਆਵਾਂਗੇ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਜ਼ਰਵੇਟਿਵ ਪਾਰਟੀ ਪਿਛਲੇ 14 ਸਾਲਾਂ ਤੋਂ ਸੱਤਾ ਵਿੱਚ ਹੈ। ਉਂਜ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਵਿੱਚ ਲਗਾਤਾਰ ਉਥਲ-ਪੁਥਲ ਚੱਲ ਰਹੀ ਸੀ।

ਕੰਜ਼ਰਵੇਟਿਵ ਪਾਰਟੀ ਪਿਛਲੇ 5 ਸਾਲਾਂ ਵਿੱਚ 4 ਵਾਰ ਪ੍ਰਧਾਨ ਮੰਤਰੀ ਬਦਲ ਚੁੱਕੀ ਹੈ। ਬ੍ਰਿਟਿਸ਼ ਰਾਜਨੀਤੀ ਵਿੱਚ ਭਾਰਤੀ ਮੂਲ ਦੇ ਸਭ ਤੋਂ ਨੌਜਵਾਨ ਅਤੇ ਪਹਿਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਉੱਥੋਂ ਦੀ ਆਰਥਿਕਤਾ ਰਹੀ ਹੈ। ਅਸਲ ‘ਚ ਆਪਣੇ ਡੇਢ ਸਾਲ ਦੇ ਕਾਰਜਕਾਲ ‘ਚ ਸੁਨਕ ਅਰਥਵਿਵਸਥਾ ਨੂੰ ਲੀਹ ‘ਤੇ ਲਿਆਉਣ ‘ਚ ਅਸਫਲ ਰਹੇ ਹਨ। ਬੀਬੀਸੀ ਦੀ ਰਿਪੋਰਟ ਮੁਤਾਬਕ ਦੇਸ਼ ਵਿੱਚ ਅਮੀਰ ਅਤੇ ਗਰੀਬ ਦਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨ ਬ੍ਰਿਟੇਨ ਦੇ ਲੋਕਾਂ ਦਾ ਜੀਵਨ ਪੱਧਰ ਡਿੱਗ ਗਿਆ ਹੈ।