ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਦਾ ਦਿਹਾਂਤ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਦਾ ਦਿਹਾਂਤ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਨੋਹਰ ਜੋਸ਼ੀ 1995 ਤੋਂ 1999 ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਅਤੇ ਰਾਜ ਵਿੱਚ ਉੱਚ ਅਹੁਦਾ ਸੰਭਾਲਣ ਵਾਲੇ ਅਣਵੰਡੇ ਸ਼ਿਵ ਸੈਨਾ ਦੇ ਪਹਿਲੇ ਆਗੂ ਸਨ।

ਮਹਾਰਾਸ਼ਟਰ ਦੇ ਦਿਗਜ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਮਨੋਹਰ ਜੋਸ਼ੀ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਆਗੂ ਮਨੋਹਰ ਜੋਸ਼ੀ ਦਾ 86 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸ਼ੁੱਕਰਵਾਰ (23 ਫਰਵਰੀ) ਸਵੇਰੇ ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿੱਚ ਆਖਰੀ ਸਾਹ ਲਿਆ।

ਮਨੋਹਰ ਜੋਸ਼ੀ ਨੂੰ ਬੁੱਧਵਾਰ ਨੂੰ ਦਿਲ ਦਾ ਦੌਰਾ ਪਿਆ ਸੀ, ਉਦੋਂ ਤੋਂ ਉਹ ਆਈਸੀਯੂ ਵਿੱਚ ਦਾਖ਼ਲ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੁੰਬਈ ਦੇ ਸ਼ਿਵਾਜੀ ਪਾਰਕ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ। ਉਨ੍ਹਾਂ ਨੇ ਆਪਣਾ ਕਰੀਅਰ ਇੱਕ ਅਧਿਆਪਕ ਵਜੋਂ ਸ਼ੁਰੂ ਕੀਤਾ। ਜੋਸ਼ੀ 1967 ਵਿੱਚ ਰਾਜਨੀਤੀ ਵਿੱਚ ਆਏ ਸਨ। ਉਹ 40 ਸਾਲ ਤੋਂ ਵੱਧ ਸਮੇਂ ਤੋਂ ਸ਼ਿਵ ਸੈਨਾ ਨਾਲ ਜੁੜੇ ਹੋਏ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਸਪਤਾਲ ਨੇ ਇਕ ਬਿਆਨ ‘ਚ ਕਿਹਾ ਸੀ ਕਿ ਮਨੋਹਰ ਜੋਸ਼ੀ (86) ਗੰਭੀਰ ਰੂਪ ਨਾਲ ਬੀਮਾਰ ਹਨ।

ਸ਼ਿਵ ਸੈਨਾ ਦੇ ਦਿੱਗਜ ਨੇਤਾ ਨੂੰ ਪਿਛਲੇ ਸਾਲ ਮਈ ‘ਚ ਬ੍ਰੇਨ ਹੈਮਰੇਜ ਤੋਂ ਬਾਅਦ ਇਸੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਮਨੋਹਰ ਜੋਸ਼ੀ 1995 ਤੋਂ 1999 ਤੱਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਰਹੇ ਅਤੇ ਰਾਜ ਵਿੱਚ ਉੱਚ ਅਹੁਦਾ ਸੰਭਾਲਣ ਵਾਲੇ ਅਣਵੰਡੇ ਸ਼ਿਵ ਸੈਨਾ ਦੇ ਪਹਿਲੇ ਆਗੂ ਸਨ। ਉਹ ਇੱਕ ਸੰਸਦ ਮੈਂਬਰ ਵਜੋਂ ਵੀ ਚੁਣੇ ਗਏ ਸਨ ਅਤੇ 2002 ਤੋਂ 2004 ਤੱਕ ਲੋਕ ਸਭਾ ਦੇ ਸਪੀਕਰ ਰਹੇ ਸਨ, ਜਦੋਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਸੱਤਾ ਵਿੱਚ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਨੋਹਰ ਜੋਸ਼ੀ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਉਹ ਮਨੋਹਰ ਜੋਸ਼ੀ ਦੇ ਦੇਹਾਂਤ ਤੋਂ ਦੁਖੀ ਹਨ। ਉਹ ਇੱਕ ਤਜਰਬੇਕਾਰ ਆਗੂ ਸੀ, ਜਿਸਨੇ ਲੋਕ ਸੇਵਾ ਵਿੱਚ ਕਈ ਸਾਲ ਬਿਤਾਏ ਅਤੇ ਮਿਉਂਸਪਲ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਈਆਂ। ਉਨ੍ਹਾਂ ਦੇ ਪਰਿਵਾਰ ਅਤੇ ਸਮਰਥਕਾਂ ਨਾਲ ਹਮਦਰਦੀ।