ਮਰਾਠਾ ਰਾਖਵਾਂਕਰਨ ਅੰਦੋਲਨ ‘ਚ ਹਿੰਸਾ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਅਲਰਟ ‘ਤੇ, ਧਾਰਾਸ਼ਿਵ ਜ਼ਿਲੇ ‘ਚ ਲਗਾਇਆ ਕਰਫਿਊ

ਮਰਾਠਾ ਰਾਖਵਾਂਕਰਨ ਅੰਦੋਲਨ ‘ਚ ਹਿੰਸਾ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਅਲਰਟ ‘ਤੇ, ਧਾਰਾਸ਼ਿਵ ਜ਼ਿਲੇ ‘ਚ ਲਗਾਇਆ ਕਰਫਿਊ

ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੀਆਰਪੀਸੀ ਦੀ ਧਾਰਾ 144 ਤਹਿਤ ਕਰਫਿਊ ਲਗਾਇਆ ਗਿਆ ਹੈ ਅਤੇ ਇਹ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਹ ਹੁਕਮ ਸਕੂਲਾਂ, ਕਾਲਜਾਂ ਅਤੇ ਵਪਾਰਕ ਅਦਾਰਿਆਂ ‘ਤੇ ਵੀ ਲਾਗੂ ਹੋਵੇਗਾ।

ਮਰਾਠਾ ਰਾਖਵਾਂਕਰਨ ਅੰਦੋਲਨ ਹਿੰਸਕ ਰੂਪ ਲੈਂਦਾ ਜਾ ਰਿਹਾ ਹੈ, ਮਹਾਰਾਸ਼ਟਰ ਦੇ ਧਾਰਾਸ਼ਿਵ ਜ਼ਿਲੇ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਦਰਅਸਲ, ਮਹਾਰਾਸ਼ਟਰ ਵਿੱਚ ਚੱਲ ਰਿਹਾ ਮਰਾਠਾ ਰਾਖਵਾਂਕਰਨ ਅੰਦੋਲਨ ਸੋਮਵਾਰ ਨੂੰ ਹਿੰਸਕ ਹੋ ਗਿਆ। ਇਸ ਦੌਰਾਨ ਗੁੱਸੇ ‘ਚ ਆਏ ਲੋਕਾਂ ਨੇ ਐੱਨਸੀਪੀ ਦੇ ਦੋ ਵਿਧਾਇਕਾਂ ਦੇ ਘਰਾਂ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਅਜਿਹੇ ‘ਚ ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ ‘ਤੇ ਧਾਰਾਸ਼ਿਵ ‘ਚ ਕਰਫਿਊ ਲਗਾ ਦਿੱਤਾ ਹੈ।

ਕਰਫਿਊ ਦੌਰਾਨ ਇੱਕ ਥਾਂ ‘ਤੇ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਹੋਵੇਗੀ। ਧਾਰਾਸ਼ਿਵ ਦੇ ਜ਼ਿਲ੍ਹਾ ਅਧਿਕਾਰੀ ਸਚਿਨ ਓਮਬਾਸੇ ਨੇ ਸੋਮਵਾਰ ਰਾਤ ਨੂੰ ਇਹ ਹੁਕਮ ਜਾਰੀ ਕੀਤਾ ਹੈ। ਸਰਕਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸੀਆਰਪੀਸੀ ਦੀ ਧਾਰਾ 144 ਤਹਿਤ ਕਰਫਿਊ ਲਗਾਇਆ ਗਿਆ ਹੈ ਅਤੇ ਇਹ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਇਹ ਹੁਕਮ ਸਕੂਲਾਂ, ਕਾਲਜਾਂ ਅਤੇ ਵਪਾਰਕ ਅਦਾਰਿਆਂ ‘ਤੇ ਵੀ ਲਾਗੂ ਹੋਵੇਗਾ। ਹਾਲਾਂਕਿ, ਦਵਾਈਆਂ ਅਤੇ ਦੁੱਧ ਵੇਚਣ ਵਾਲੀਆਂ ਦੁਕਾਨਾਂ, ਸਰਕਾਰੀ ਦਫਤਰਾਂ, ਜਨਤਕ ਬੱਸ ਸੇਵਾਵਾਂ, ਹਸਪਤਾਲ ਅਤੇ ਮੀਡੀਆ ਨੂੰ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ।

ਮਰਾਠਾ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ‘ਚ ਭੁੱਖ ਹੜਤਾਲ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੀ ਓਮੇਰਗਾ ਤਹਿਸੀਲ ਵਿੱਚ ਕਰਨਾਟਕ ਰਾਜ ਸੜਕ ਆਵਾਜਾਈ ਨਿਗਮ ਦੀ ਬੱਸ ਨੂੰ ਅੱਗ ਲਾਉਣ ਦੀ ਘਟਨਾ ਵਾਪਰੀ ਹੈ। ਮਰਾਠਾ ਅੰਦੋਲਨ ਕੁਝ ਥਾਵਾਂ ‘ਤੇ ਹਿੰਸਕ ਹੋ ਗਿਆ ਹੈ। ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਤਿੰਨ ਵਿਧਾਇਕਾਂ ਦੇ ਘਰਾਂ ਅਤੇ ਦਫਤਰਾਂ ਨੂੰ ਅੱਗ ਲਗਾ ਦਿੱਤੀ। ਨਗਰ ਕੌਂਸਲ ਦੀ ਇਮਾਰਤ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਿੰਸਾ ਦੀਆਂ ਸਭ ਤੋਂ ਵੱਧ ਘਟਨਾਵਾਂ ਬੀਡ ਜ਼ਿਲ੍ਹੇ ਵਿੱਚ ਵਾਪਰੀਆਂ। ਪ੍ਰਸ਼ਾਸਨ ਨੇ ਬੀਡ ਵਿੱਚ ਵੀ ਕਰਫਿਊ ਲਗਾ ਦਿੱਤਾ ਹੈ। ਬੀਡ ਵਿੱਚ ਕੁਝ ਥਾਵਾਂ ’ਤੇ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਬੀਡ ਵਿੱਚ ਐਨਸੀਪੀ ਦਫ਼ਤਰ ਨੂੰ ਅੱਗ ਲਗਾ ਦਿੱਤੀ ਗਈ। ਐਨਸੀਪੀ ਦੇ ਦੋ ਵਿਧਾਇਕਾਂ ਦੇ ਘਰਾਂ ਨੂੰ ਵੀ ਅੱਗ ਲਾ ਦਿੱਤੀ ਗਈ।