ਕੋਲਕਾਤਾ ਰੇਪ ਮਾਮਲਾ : ਸੀਐੱਮ ਮਮਤਾ ਬੈਨਰਜੀ ਨੇ ਕਿਹਾ ਅਸੀਂ ਡਾਕਟਰਾਂ ਦੀਆਂ ਪੰਜ ਵਿੱਚੋ ਤਿੰਨ ਮੰਗਾਂ ਮੰਨ ਲਈਆਂ, ਡਾਕਟਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ

ਕੋਲਕਾਤਾ ਰੇਪ ਮਾਮਲਾ : ਸੀਐੱਮ ਮਮਤਾ ਬੈਨਰਜੀ ਨੇ ਕਿਹਾ ਅਸੀਂ ਡਾਕਟਰਾਂ ਦੀਆਂ ਪੰਜ ਵਿੱਚੋ ਤਿੰਨ ਮੰਗਾਂ ਮੰਨ ਲਈਆਂ, ਡਾਕਟਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ

ਇਸਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ, ਪਰ ਜਦੋਂ ਤੱਕ ਇਹ ਵਾਅਦਾ ਹਕੀਕਤ ਵਿੱਚ ਨਹੀਂ ਬਦਲਦਾ ਸਾਡਾ ਧਰਨਾ ਜਾਰੀ ਰਹੇਗਾ।

ਕੋਲਕਾਤਾ ਰੇਪ ਮਾਮਲੇ ਨੂੰ ਲੈ ਕੇ ਡਾਕਟਰਾਂ ਵਿਚ ਬਹੁਤ ਗੁੱਸਾ ਹੈ। ਸੋਮਵਾਰ ਨੂੰ ਕੋਲਕਾਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਮੀਟਿੰਗ ਹੋਈ। ਰਾਤ ਕਰੀਬ 11:50 ਵਜੇ ਮਮਤਾ ਬੈਨਰਜੀ ਨੇ ਪ੍ਰੈੱਸ ਕਾਨਫਰੰਸ ‘ਚ ਇਸ ਮੁਲਾਕਾਤ ਦੀ ਜਾਣਕਾਰੀ ਦਿੱਤੀ।

ਮਮਤਾ ਨੇ ਕਿਹਾ ਕਿ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਹਟਾ ਦਿੱਤਾ ਜਾਵੇਗਾ। ਨਵੇਂ ਕਮਿਸ਼ਨਰ ਕੱਲ੍ਹ ਸ਼ਾਮ 4 ਵਜੇ ਆਪਣਾ ਅਹੁਦਾ ਸੰਭਾਲਣਗੇ। ਇਸਦੇ ਨਾਲ ਹੀ ਸਿਹਤ ਸੇਵਾਵਾਂ ਦੇ ਡਾਇਰੈਕਟਰ, ਮੈਡੀਕਲ ਸਿੱਖਿਆ ਦੇ ਡਾਇਰੈਕਟਰ ਅਤੇ ਉੱਤਰੀ ਕੋਲਕਾਤਾ ਦੇ ਡਿਪਟੀ ਕਮਿਸ਼ਨਰ ਨੂੰ ਵੀ ਹਟਾ ਦਿੱਤਾ ਜਾਵੇਗਾ। ਮਮਤਾ ਨੇ ਕਿਹਾ ਕਿ ਅਸੀਂ ਡਾਕਟਰਾਂ ਦੀਆਂ ਪੰਜ ਵਿੱਚੋਂ ਤਿੰਨ ਮੰਗਾਂ ਮੰਨ ਲਈਆਂ ਹਨ। ਹੁਣ ਅਸੀਂ ਡਾਕਟਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕਰਦੇ ਹਾਂ। ਪ੍ਰਦਰਸ਼ਨ ਕਰਨ ਵਾਲੇ ਕਿਸੇ ਵੀ ਡਾਕਟਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।

ਇਸਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਸਾਡੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਹੈ, ਪਰ ਜਦੋਂ ਤੱਕ ਇਹ ਵਾਅਦਾ ਹਕੀਕਤ ਵਿੱਚ ਨਹੀਂ ਬਦਲਦਾ ਸਾਡਾ ਧਰਨਾ ਜਾਰੀ ਰਹੇਗਾ। ਪੁਲਿਸ ਕਮਿਸ਼ਨਰ ਨੂੰ ਹਟਾਉਣਾ ਸਾਡੀ ਨੈਤਿਕ ਜਿੱਤ ਹੈ। ਇਸ ਤੋਂ ਇਲਾਵਾ ਇੱਕ ਹੋਰ ਡਾਕਟਰ ਨੇ ਕਿਹਾ ਕਿ ਹਸਪਤਾਲ ਵਿੱਚੋਂ ਭ੍ਰਿਸ਼ਟਾਚਾਰ ਦੇ ਗਰੋਹ ਨੂੰ ਖ਼ਤਮ ਕਰਨ ਦਾ ਸਾਡਾ ਟੀਚਾ ਹਾਲੇ ਵੀ ਪੂਰਾ ਨਹੀਂ ਹੋ ਸਕਿਆ ਹੈ। ਜਦੋਂ ਤੱਕ ਸਿਹਤ ਸਕੱਤਰ ਨੂੰ ਨਹੀਂ ਹਟਾਇਆ ਜਾਂਦਾ ਉਦੋਂ ਤੱਕ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ। ਮਮਤਾ ਬੈਨਰਜੀ ਮੁਤਾਬਕ ਪਹਿਲੀਆਂ ਤਿੰਨ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ। ਟਰੇਨੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਤਾਲਾ ਥਾਣੇ ਦੇ ਐਸਐਚਓ ਨੂੰ ਸਬੂਤਾਂ ਨਾਲ ਛੇੜਛਾੜ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਹੁਣ ਕੋਲਕਾਤਾ ਪੁਲਿਸ ਕਮਿਸ਼ਨਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।