ਮਰਾਠੀ, ਬੰਗਾਲੀ ਸਮੇਤ ਇਨ੍ਹਾਂ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਮਿਲਿਆ ਦਰਜਾ

ਮਰਾਠੀ, ਬੰਗਾਲੀ ਸਮੇਤ ਇਨ੍ਹਾਂ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਮਿਲਿਆ ਦਰਜਾ

ਪੀਐੱਮ ਮੋਦੀ ਨੇ ਬੰਗਾਲੀ ਭਾਸ਼ਾ ਨੂੰ ਮਹਾਨ ਭਾਸ਼ਾ ਦੱਸਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਦੁਰਗਾ ਪੂਜਾ ਦੇ ਸ਼ੁਭ ਮੌਕੇ ਇਸ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।

ਮਰਾਠੀ, ਬੰਗਾਲੀ ਸਮੇਤ ਕਈ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਮਿਲਿਆ ਹੈ। ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਨੂੰ ਮਰਾਠੀ, ਪਾਲੀ, ਪ੍ਰਾਕ੍ਰਿਤ, ਅਸਾਮੀ ਅਤੇ ਬੰਗਾਲੀ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਬਾਰੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਫੈਸਲਾ ਹੈ ਅਤੇ ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐੱਨ.ਡੀ.ਏ ਸਰਕਾਰ ਦੇ ਸਾਡੇ ਸੱਭਿਆਚਾਰ ਨੂੰ ਅੱਗੇ ਲਿਜਾਣ ਦੇ ਫਲਸਫੇ ਦੇ ਅਨੁਰੂਪ ਹੈ, ਆਪਣੀ ਵਿਰਾਸਤ ‘ਤੇ ਮਾਣ ਕਰੋ, ਸਭ ਨੂੰ ਮਾਣ ਹੋਵੇ। ਭਾਰਤੀ ਭਾਸ਼ਾਵਾਂ ਅਤੇ ਸਾਡੀ ਅਮੀਰ ਵਿਰਾਸਤ ਦੇ ਅਨੁਸਾਰ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ‘ਤੇ ਇਕ ਤੋਂ ਬਾਅਦ ਇਕ ਕਈ ਪੋਸਟਾਂ ਪਾ ਕੇ ਇਨ੍ਹਾਂ ਭਾਸ਼ਾਵਾਂ ਨੂੰ ਕਲਾਸੀਕਲ ਭਾਸ਼ਾਵਾਂ ਦਾ ਦਰਜਾ ਦਿੱਤੇ ਜਾਣ ‘ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਾਲੀ ਸਰਕਾਰ ਖੇਤਰੀ ਭਾਸ਼ਾਵਾਂ ਨੂੰ ਹਰਮਨ ਪਿਆਰਾ ਬਣਾਉਣ ਲਈ ਆਪਣੀ ਵਚਨਬੱਧਤਾ ਵਿੱਚ ਅਡੋਲ ਰਹੀ ਹੈ। ਮਰਾਠੀ ਨੂੰ ਬੇਮਿਸਾਲ ਅਤੇ ਭਾਰਤ ਦਾ ਮਾਣ ਦੱਸਦੇ ਹੋਏ ਉਨ੍ਹਾਂ ਨੇ ਮਹਾਰਾਸ਼ਟਰ ਦੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ, “ਇਹ ਸਨਮਾਨ ਸਾਡੇ ਦੇਸ਼ ਦੇ ਇਤਿਹਾਸ ਵਿੱਚ ਮਰਾਠੀ ਦੇ ਅਮੀਰ ਸੱਭਿਆਚਾਰਕ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਮਰਾਠੀ ਹਮੇਸ਼ਾ ਭਾਰਤੀ ਵਿਰਾਸਤ ਦਾ ਅਧਾਰ ਰਹੀ ਹੈ।”

ਪੀਐੱਮ ਮੋਦੀ ਨੇ ਬੰਗਾਲੀ ਭਾਸ਼ਾ ਨੂੰ ਮਹਾਨ ਭਾਸ਼ਾ ਦੱਸਦਿਆਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਦੁਰਗਾ ਪੂਜਾ ਦੇ ਸ਼ੁਭ ਮੌਕੇ ਇਸ ਨੂੰ ਕਲਾਸੀਕਲ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਭਰੋਸਾ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਕਲਾਸੀਕਲ ਭਾਸ਼ਾਵਾਂ ਵਜੋਂ ਮਾਨਤਾ ਦੇਣ ਦੇ ਕੈਬਨਿਟ ਦੇ ਫੈਸਲੇ ਤੋਂ ਬਾਅਦ ਹੋਰ ਲੋਕ ਇਨ੍ਹਾਂ ਬਾਰੇ ਜਾਣਨ ਲਈ ਪ੍ਰੇਰਿਤ ਹੋਣਗੇ। ਉਨ੍ਹਾਂ ਨੇ ਕਿਹਾ, “ਇਹ ਸੱਚਮੁੱਚ ਇੱਕ ਖੁਸ਼ੀ ਦਾ ਪਲ ਹੈ!” ਪ੍ਰਧਾਨ ਮੰਤਰੀ ਨੇ ਮੰਤਰੀ ਮੰਡਲ ਦੇ ਹੋਰ ਫੈਸਲਿਆਂ ਦੀ ਵੀ ਸ਼ਲਾਘਾ ਕੀਤੀ।