ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਵਿਚਾਲੇ ਨਵਜੋਤ ਸਿੱਧੂ ਨੇ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਬਹੁਤ ਵਧੀਆ ਚਰਚਾ ਹੋਈ

ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਵਿਚਾਲੇ ਨਵਜੋਤ ਸਿੱਧੂ ਨੇ ਪ੍ਰਿਅੰਕਾ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਬਹੁਤ ਵਧੀਆ ਚਰਚਾ ਹੋਈ

ਨਵਜੋਤ ਸਿੱਧੂ ਨੇ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਪ੍ਰੋਗਰਾਮ ਵਿੱਚ ਵੀ ਸਿੱਧੂ ਸ਼ਾਮਲ ਨਹੀਂ ਹੋਏ ਸਨ।

ਨਵਜੋਤ ਸਿੰਘ ਸਿੱਧੂ ਦੀ ਗਿਣਤੀ ਪੰਜਾਬ ਦੇ ਬੇਬਾਕ ਨੇਤਾਵਾਂ ਵਿਚ ਕੀਤੀ ਜਾਂਦੀ ਹੈ। ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਦਰਮਿਆਨ ਨਵਜੋਤ ਸਿੰਘ ਸਿੱਧੂ ਨੇ ਨਵੀਂ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਸਿੱਧੂ ਨੇ ਖੁਦ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਅਤੇ ਲਿਖਿਆ ਕਿ ਉਹ ਅੱਜ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਨੂੰ ਮਿਲੇ ਹਨ ਅਤੇ ਸਕਾਰਾਤਮਕ ਚਰਚਾ ਹੋਈ।

ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸੋਮਵਾਰ ਨੂੰ ਆਪਣੇ ਅਧਿਕਾਰਤ ਪੇਜ ‘ਤੇ ਵੀਡੀਓ ਵੀ ਸ਼ੇਅਰ ਕੀਤੀ ਸੀ। ਇਸ ਵਿਚ ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਸੀ ਕਿ ਸਾਡੀਆਂ ਅਫਵਾਹਾਂ ਦਾ ਧੂੰਆਂ ਉਥੋਂ ਉਠਦਾ ਹੈ, ਜਿੱਥੇ ਸਾਡੇ ਨਾਂ ਤੋਂ ਅੱਗ ਲੱਗਦੀ ਹੈ। ਦਰਅਸਲ ਸਿੱਧੂ ਨੇ ਪੰਜਾਬ ਕਾਂਗਰਸ ਦੀਆਂ ਮੀਟਿੰਗਾਂ ਤੋਂ ਲਗਾਤਾਰ ਦੂਰੀ ਬਣਾਈ ਰੱਖੀ ਹੈ। ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਪੰਜਾਬ ਵਿੱਚ ਹਾਲ ਹੀ ਵਿੱਚ ਹੋਏ ਪ੍ਰੋਗਰਾਮ ਵਿੱਚ ਵੀ ਸਿੱਧੂ ਸ਼ਾਮਲ ਨਹੀਂ ਹੋਏ ਸਨ।

ਇਸਦੇ ਨਾਲ ਹੀ ਸਿੱਧੂ ਆਪਣੀਆਂ ਰੈਲੀਆਂ ਕਰ ਰਹੇ ਹਨ। ਉਦੋਂ ਤੋਂ ਹੀ ਕਿਆਸ ਅਰਾਈਆਂ ਵੱਧ ਰਹੀਆਂ ਹਨ ਕਿ ਸਿੱਧੂ ਮੁੜ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਸਿੱਧੂ ਨੇ ਮੀਡੀਆ ਦੀਆਂ ਇਨ੍ਹਾਂ ਸਾਰੀਆਂ ਅਟਕਲਾਂ ਦਾ ਖੰਡਨ ਕੀਤਾ ਹੈ। ਇਸ ਦੌਰਾਨ ਸਿੱਧੂ ਨੇ ਪਹਿਲਾਂ I.N.D.I.A ਗਠਜੋੜ ਦੀ ਤਾਰੀਫ ਕੀਤੀ ਅਤੇ ਫਿਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਯਾ ਯਾਤਰਾ ਦਾ ਵੀਡੀਓ ਸ਼ੇਅਰ ਕੀਤਾ ਅਤੇ ਇੰਸਟਾਗ੍ਰਾਮ ‘ਤੇ ਲਿਖਿਆ ਕਿ I.N.D.I.A ਗਠਜੋੜ ਦਾ ਮਜ਼ਬੂਤ ​​ਹੋਣਾ ਸਾਡੇ ਲੋਕਤੰਤਰ ਲਈ ਵੱਡਾ ਵਰਦਾਨ ਹੈ।

ਨਵਜੋਤ ਸਿੰਘ ਨੇ ਕਿਹਾ ਕਿ ਇੱਕ ਸਾਂਝਾ ਘੱਟੋ-ਘੱਟ ਪ੍ਰੋਗਰਾਮ ਗਠਜੋੜ ਲਈ ਇੱਕ ਗੇਮ ਚੇਂਜਰ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਸਾਲ 2004 ‘ਚ ਭਾਜਪਾ ‘ਚ ਸ਼ਾਮਲ ਹੋਏ ਸਨ। ਇਸ ਤੋਂ ਬਾਅਦ ਉਹ ਅੰਮ੍ਰਿਤਸਰ ਸੀਟ ਤੋਂ ਸੰਸਦ ਮੈਂਬਰ ਬਣੇ। ਸਾਲ 2017 ‘ਚ ਸਿੱਧੂ ਪੰਜਾਬ ‘ਚ ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਪਾਰਟੀ ਤੋਂ ਨਾਰਾਜ਼ ਹੋ ਕੇ ਭਾਜਪਾ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ।