ਰਾਕੇਟ ਦੀ ਸਪੀਡ ਨਾਲ ਬਣਨਗੀਆਂ ਸੜਕਾਂ, 3 ਮਹੀਨਿਆਂ ‘ਚ 3 ਲੱਖ ਕਰੋੜ ਰੁਪਏ ਦੇ ਠੇਕੇ ਜਾਰੀ ਹੋਣਗੇ : ਨਿਤਿਨ ਗਡਕਰੀ

ਰਾਕੇਟ ਦੀ ਸਪੀਡ ਨਾਲ ਬਣਨਗੀਆਂ ਸੜਕਾਂ, 3 ਮਹੀਨਿਆਂ ‘ਚ 3 ਲੱਖ ਕਰੋੜ ਰੁਪਏ ਦੇ ਠੇਕੇ ਜਾਰੀ ਹੋਣਗੇ : ਨਿਤਿਨ ਗਡਕਰੀ

ਗਡਕਰੀ ਨੇ ਬੀਮਾ ਪਾਲਿਸੀ ਪ੍ਰੀਮੀਅਮ ‘ਤੇ ਜੀਐਸਟੀ ਨੂੰ ਖਤਮ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇੱਕ ਪੱਤਰ ਲਿਖਿਆ ਹੈ। ਪੱਤਰ ‘ਚ ਲਿਖਿਆ ਗਿਆ ਹੈ ਕਿ ਜੀਵਨ ਬੀਮਾ ਪ੍ਰੀਮੀਅਮ ‘ਤੇ ਜੀਐੱਸਟੀ ਲਗਾਉਣਾ ਜੀਵਨ ਦੀਆਂ ਅਨਿਸ਼ਚਿਤਤਾਵਾਂ ‘ਤੇ ਟੈਕਸ ਲਗਾਉਣ ਦੇ ਬਰਾਬਰ ਹੈ।

ਨਿਤਿਨ ਗਡਕਰੀ ਦੀ ਗਿਣਤੀ ਦੇਸ਼ ਦੇ ਅਜਿਹੇ ਨੇਤਾਵਾਂ ਵਿਚ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਗੱਲ ਨੂੰ ਪੱਖ ਅਤੇ ਵਿਪੱਖ ਦੇ ਲੋਕਾਂ ਵਲੋਂ ਧਿਆਨ ਨਾਲ ਸੁਣਿਆ ਜਾਂਦਾ ਹੈ। ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਤਿੰਨ ਮਹੀਨਿਆਂ ਦੇ ਅੰਦਰ 3 ਲੱਖ ਕਰੋੜ ਰੁਪਏ ਦੇ ਸੜਕੀ ਠੇਕੇ ਜਾਰੀ ਕਰੇਗਾ। ਉਨ੍ਹਾਂ ਕਿਹਾ ਕਿ ਮੰਤਰਾਲਾ ਚਾਲੂ ਵਿੱਤੀ ਸਾਲ ਵਿੱਚ ਕੁੱਲ 5 ਲੱਖ ਕਰੋੜ ਰੁਪਏ ਦੇ ਠੇਕੇ ਜਾਰੀ ਕਰੇਗਾ।

ਇੱਕ ਸਮਾਗਮ ਵਿੱਚ ਬੋਲਦਿਆਂ ਗਡਕਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਅਤੇ ਆਦਰਸ਼ ਚੋਣ ਜ਼ਾਬਤੇ ਕਾਰਨ ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਸੜਕੀ ਪ੍ਰਾਜੈਕਟਾਂ ਨੂੰ ਬਣਾਉਣ ਦੀ ਰਫ਼ਤਾਰ ਮੱਠੀ ਰਹੀ। ਉਨ੍ਹਾਂ ਕਿਹਾ, “ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਤਿੰਨ ਮਹੀਨਿਆਂ ਦੇ ਅੰਦਰ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਠੇਕੇ (ਸੜਕ) ਨੂੰ ਅੰਤਿਮ ਰੂਪ ਦੇਵਾਂਗੇ ਅਤੇ ਸਾਡਾ ਟੀਚਾ ਮਾਰਚ 2025 ਤੱਕ 5 ਲੱਖ ਕਰੋੜ ਰੁਪਏ ਤੋਂ ਵੱਧ ਦੇ (ਸੜਕ) ਦੇ ਠੇਕੇ ਦੇਣ ਦਾ ਹੈ।”

ਗਡਕਰੀ ਨੇ ਕਿਹਾ ਕਿ ਮੰਤਰਾਲੇ ਕੋਲ ਪਾਈਪਲਾਈਨ ਵਿੱਚ ਬਹੁਤ ਸਾਰੇ ਸੜਕ ਪ੍ਰੋਜੈਕਟ ਹਨ ਅਤੇ ਇਹਨਾਂ ਪ੍ਰੋਜੈਕਟਾਂ ਲਈ ਫੰਡ ਜੁਟਾਉਣ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ, ਕਿਉਂਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ (ਐਨਐਚਏਆਈ) ਦੀ ਪੂੰਜੀ ਬਾਜ਼ਾਰ ਵਿੱਚ ਬਹੁਤ ਚੰਗੀ ਸਾਖ ਹੈ। ਹਾਲ ਹੀ ਵਿੱਚ, ਗਡਕਰੀ ਨੇ ਬੀਮਾ ਪਾਲਿਸੀ ਪ੍ਰੀਮੀਅਮ ‘ਤੇ ਜੀਐਸਟੀ ਨੂੰ ਖਤਮ ਕਰਨ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਇੱਕ ਪੱਤਰ ਲਿਖਿਆ ਹੈ। ਜੇਕਰ ਇਸ ਪੱਤਰ ਦੀ ਮੰਗ ਨੂੰ ਮੰਨਦੇ ਹੋਏ ਵਿੱਤ ਮੰਤਰੀ ਬੀਮਾ ਪ੍ਰੀਮੀਅਮ ‘ਤੇ ਜੀਐਸਟੀ ਖਤਮ ਕਰ ਦਿੰਦੇ ਹਨ ਤਾਂ ਇਸ ਨਾਲ ਲੱਖਾਂ ਲੋਕਾਂ ਨੂੰ ਰਾਹਤ ਮਿਲੇਗੀ, ਕਿਉਂਕਿ ਪ੍ਰੀਮੀਅਮ ਘੱਟ ਜਾਵੇਗਾ। ਪੱਤਰ ‘ਚ ਲਿਖਿਆ ਗਿਆ ਹੈ ਕਿ ਜੀਵਨ ਬੀਮਾ ਪ੍ਰੀਮੀਅਮ ‘ਤੇ ਜੀਐੱਸਟੀ ਲਗਾਉਣਾ ਜੀਵਨ ਦੀਆਂ ਅਨਿਸ਼ਚਿਤਤਾਵਾਂ ‘ਤੇ ਟੈਕਸ ਲਗਾਉਣ ਦੇ ਬਰਾਬਰ ਹੈ।