- ਕਾਰੋਬਾਰ
- No Comment
ਪੰਜਾਬ ‘ਚ ਗੱਡੀ ਖਰੀਦਣਾ ਹੋਇਆ ਮਹਿੰਗਾ, ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾਈ
ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਰੋਡ ਟੈਕਸ 0.50 ਤੋਂ 1.25 ਫੀਸਦੀ ਤੱਕ ਵਧਾ ਦਿੱਤਾ ਗਿਆ ਹੈ। ਜੇਕਰ ਨਵੇਂ ਮੋਟਰ ਵਹੀਕਲ ਟੈਕਸ ਢਾਂਚੇ ਦੀ ਗੱਲ ਕਰੀਏ ਤਾਂ ਇਸ ਨੂੰ 7.50 ਤੋਂ 13 ਫੀਸਦੀ ਤੱਕ ਤੈਅ ਕੀਤਾ ਗਿਆ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਹਨਾਂ ਦੀ ਰਜਿਸਟ੍ਰੇਸ਼ਨ ਫੀਸ ਵਧਾ ਦਿੱਤੀ ਹੈ। ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਨਵੀਆਂ ਗੱਡੀਆਂ ਦੀ ਖ਼ਰੀਦ ਮਹਿੰਗੀ ਕਰ ਦਿੱਤੀ ਹੈ। ਹੁਣ ਨਵਾਂ ਵਾਹਨ ਖਰੀਦਣਾ ਮਹਿੰਗਾ ਹੋਵੇਗਾ ਕਿਉਂਕਿ ਸਰਕਾਰ ਨੇ ਮੋਟਰ ਵਹੀਕਲ ਟੈਕਸ ਯਾਨੀ ਰੋਡ ਟੈਕਸ ਵਧਾ ਦਿੱਤਾ ਹੈ। ਹੁਣ ਦੋਪਹੀਆ ਵਾਹਨਾਂ ਜਾਂ ਲਗਜ਼ਰੀ ਵਾਹਨਾਂ ‘ਤੇ ਸਫ਼ਰ ਕਰਨ ਦੇ ਸ਼ੌਕੀਨਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।
ਇਸ ਸਬੰਧੀ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਸਕੱਤਰ ਦਿਲਰਾਜ ਸਿੰਘ ਨੇ ਵੀਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ। ਇਸ ਤੋਂ ਪਹਿਲਾਂ, 12 ਫਰਵਰੀ, 2021 ਨੂੰ, ਸਰਕਾਰ ਨੇ ਪੰਜਾਬ ਮੋਟਰ ਵਹੀਕਲ ਟੈਕਸੇਸ਼ਨ ਐਕਟ-1924 ਵਿੱਚ ਸੋਧ ਕਰਕੇ ਨਵਾਂ ਮੋਟਰ ਵਹੀਕਲ ਟੈਕਸ ਲਾਗੂ ਕੀਤਾ ਸੀ। ਹੁਣ ਸਰਕਾਰ ਨੇ ਮੁੜ ਸੋਧ ਕਰਕੇ ਨਵੇਂ ਟੈਕਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨੋਟੀਫਿਕੇਸ਼ਨ ਮੁਤਾਬਕ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਰੋਡ ਟੈਕਸ 0.50 ਤੋਂ 1.25 ਫੀਸਦੀ ਤੱਕ ਵਧਾ ਦਿੱਤਾ ਗਿਆ ਹੈ। ਜੇਕਰ ਨਵੇਂ ਮੋਟਰ ਵਹੀਕਲ ਟੈਕਸ ਢਾਂਚੇ ਦੀ ਗੱਲ ਕਰੀਏ ਤਾਂ ਇਸਨੂੰ 7.50 ਤੋਂ 13 ਫੀਸਦੀ ਤੱਕ ਤੈਅ ਕੀਤਾ ਗਿਆ ਹੈ।
ਇਹ ਨਵਾਂ ਮੋਟਰ ਵਹੀਕਲ ਟੈਕਸ ਵਾਹਨਾਂ ਦੀ ਖਰੀਦ ‘ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਗਿਆ ਹੈ। ਹੁਣ ਇੱਕ ਤੋਂ ਦੋ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਨਵੀਂ ਗੱਡੀ ਦੀ ਖਰੀਦ ’ਤੇ ਨਵਾਂ ਰੋਡ ਟੈਕਸ ਜਮ੍ਹਾਂ ਕਰਵਾਉਣਾ ਪਵੇਗਾ। ਪੰਜਾਬ ਵਿੱਚ ਮੋਟਰ ਵਹੀਕਲ ਟੈਕਸ ਢਾਂਚੇ ਦੇ ਤਹਿਤ ਹੁਣ ਤੱਕ 1 ਲੱਖ ਰੁਪਏ ਜਾਂ ਇਸ ਤੋਂ ਵੱਧ ਦੀ ਕੀਮਤ ਵਾਲੇ ਵਾਹਨਾਂ ‘ਤੇ ਸਿਰਫ ਦੋ ਸ਼੍ਰੇਣੀਆਂ ਵਿੱਚ ਰੋਡ ਟੈਕਸ ਵਸੂਲਿਆ ਜਾਂਦਾ ਸੀ। ਹੁਣ ਮਹਿੰਗੇ ਦੋਪਹੀਆ ਵਾਹਨਾਂ ਦੀ ਵਧਦੀ ਵਿਕਰੀ ਨੂੰ ਦੇਖਦੇ ਹੋਏ ਸਰਕਾਰ ਨੇ 2 ਲੱਖ ਰੁਪਏ ਤੋਂ ਵੱਧ ਦੇ ਦੋਪਹੀਆ ਵਾਹਨਾਂ ‘ਤੇ 11 ਫੀਸਦੀ ਰੋਡ ਟੈਕਸ ਲਗਾਇਆ ਹੈ। ਇਹ ਨਵੀਂ ਸ਼੍ਰੇਣੀ ਬਣਾਈ ਗਈ ਹੈ।