- ਅੰਤਰਰਾਸ਼ਟਰੀ
- No Comment
KFC ਪਾਕਿਸਤਾਨ : ਇਜ਼ਰਾਈਲ ਦਾ ਸਮਰਥਨ ਕਰਨ ਦੇ ਦੋਸ਼ ‘ਚ ਪਖਤੂਨਖਵਾ ਇਲਾਕੇ ‘ਚ KFC ਨੂੰ ਬੰਦ ਕਰ ਦਿਤਾ ਗਿਆ
ਕੇਐਫਸੀ ਨੂੰ ਤਾਲਾ ਲਾਉਣ ਦਾ ਕਾਰਨ ਦੱਸਦੇ ਹੋਏ ਮੇਅਰ ਨੇ ਕਿਹਾ ਕਿ ਕੇਐਫਸੀ ਨੂੰ ਅੱਜ ਬੰਦ ਕਰਨ ਦਾ ਮਕਸਦ ਗਾਜ਼ਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੇਇਨਸਾਫ਼ੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ।
ਪਾਕਿਸਤਾਨ ਤੋਂ ਇਕ ਅਹਿਮ ਖਬਰ ਸਾਹਮਣੇ ਆ ਰਹੀ ਹੈ। ਰਮਜ਼ਾਨ ਦੇ ਦੌਰਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਮਰਦਾਨ ਖੇਤਰ ਵਿੱਚ ਫਾਸਟ-ਫੂਡ ਬ੍ਰਾਂਡ ਕੇਐਫਸੀ ਦੀ ਫਰੈਂਚਾਈਜ਼ੀ ਨੂੰ ਜ਼ਬਰਦਸਤੀ ਤਾਲਾ ਲਗਾ ਦਿੱਤਾ। ਦੱਸਿਆ ਗਿਆ ਕਿ ਕੇਐਫਸੀ ਨੂੰ ਇਜ਼ਰਾਈਲ ਦਾ ਸਮਰਥਨ ਕਰਨ ਦੇ ਦੋਸ਼ ‘ਚ ਬੰਦ ਕਰ ਦਿੱਤਾ ਗਿਆ ਹੈ।
ਇਲਾਕੇ ਦੇ ਮੇਅਰ ਹਮਾਯਤੁੱਲ੍ਹਾ ਨੇ ਕਿਹਾ ਕਿ ਅਸੀਂ ਕੇਐਫਸੀ ਦੇ ਦਰਵਾਜ਼ੇ ਜੰਜ਼ੀਰਾਂ ਨਾਲ ਬੰਦ ਕਰ ਦਿੱਤੇ ਹਨ, ਜਿਸ ਦਾ ਮਕਸਦ ਲੋਕਾਂ ਨੂੰ ਇਜ਼ਰਾਈਲੀ ਕੰਪਨੀ ਦਾ ਬਾਈਕਾਟ ਕਰਨ ਲਈ ਜਾਗਰੂਕ ਕਰਨਾ ਹੈ। ਵੀਰਵਾਰ ਨੂੰ ਮੇਅਰ ਨਾਜ਼ਿਮ ਹਮਾਯਤੁੱਲ੍ਹਾ ਮਯਾਰ ਨੇ ਖੈਬਰ ਪਖਤੂਨਖਵਾ ਦੇ ਮਰਦਾਨ ਇਲਾਕੇ ‘ਚ ਕੇਐੱਫਸੀ ਮਰਦਾਨ ਨੂੰ ਬੰਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ। ਪ੍ਰਸਤਾਵ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਅਵਾਮੀ ਨੈਸ਼ਨਲ ਪਾਰਟੀ (ਏ.ਐੱਨ.ਪੀ.) ਦੇ ਸਮਰਥਕ ਇਫਤਾਰ ਤੋਂ ਬਾਅਦ ਕੇਐੱਫਸੀ ਫਰੈਂਚਾਈਜ਼ੀ ਪਹੁੰਚੇ ਅਤੇ ਇਸ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਮੇਅਰ ਹਮਾਯਤੁੱਲ੍ਹਾ ਨੇ ਕਿਹਾ ਕਿ ਅਸੀਂ ਕੇਐਫਸੀ ਦੇ ਦਰਵਾਜ਼ੇ ਜੰਜ਼ੀਰਾਂ ਨਾਲ ਬੰਨ੍ਹ ਕੇ ਬੰਦ ਕਰ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਜਾਂ ਕੇਐਫਸੀ ਪ੍ਰਸ਼ਾਸਨ ਫਰੈਂਚਾਈਜ਼ੀ ਨੂੰ ਮੁੜ ਖੋਲ੍ਹਣਾ ਚਾਹੁੰਦਾ ਹੈ ਤਾਂ ਇਹ ਉਨ੍ਹਾਂ ਦਾ ਅਧਿਕਾਰ ਹੈ। ਕੇਐਫਸੀ ਨੂੰ ਤਾਲਾ ਲਾਉਣ ਦਾ ਕਾਰਨ ਦੱਸਦੇ ਹੋਏ ਮੇਅਰ ਨੇ ਕਿਹਾ ਕਿ ਕੇਐਫਸੀ ਨੂੰ ਅੱਜ ਬੰਦ ਕਰਨ ਦਾ ਮਕਸਦ ਗਾਜ਼ਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਵਿੱਚ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਬੇਇਨਸਾਫ਼ੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਸੀ।
ਇਹ ਬਾਈਕਾਟ 7 ਅਕਤੂਬਰ ਤੋਂ ਗਾਜ਼ਾ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਮਨਾਇਆ ਜਾ ਰਿਹਾ ਹੈ। ਜਿਸ ਕਾਰਨ ਇਜ਼ਰਾਇਲੀ ਸਮਾਨ ਦਾ ਪੂਰਨ ਤੌਰ ‘ਤੇ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਰਮਜ਼ਾਨ ਸ਼ੁਰੂ ਹੁੰਦੇ ਹੀ ਕੇਐਫਸੀ ਹੀ ਨਹੀਂ ਸਗੋਂ ਮੁਸਲਿਮ ਦੇਸ਼ਾਂ ਨੇ ਵੀ ਇਜ਼ਰਾਈਲ ਦੀਆਂ ਖਜੂਰਾਂ ਦਾ ਬਾਈਕਾਟ ਕਰ ਦਿੱਤਾ ਸੀ। ਹਾਲ ਦੀ ਘੜੀ KFC ਸਮੇਤ ਕਈ ਇਜ਼ਰਾਇਲੀ ਉਤਪਾਦਾਂ ਦਾ ਬਾਈਕਾਟ ਦੇਖਿਆ ਜਾ ਰਿਹਾ ਹੈ।