ਪੰਜਾਬ ਪੰਚਾਇਤੀ ਚੋਣਾਂ ਲਈ ਅੱਜ ਵੋਟਿੰਗ, 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਪੰਜਾਬ ਪੰਚਾਇਤੀ ਚੋਣਾਂ ਲਈ ਅੱਜ ਵੋਟਿੰਗ, 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ

ਸਾਰੇ ਚੋਣ ਬੂਥਾਂ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਤਾਂ ਜੋ ਬਿਨਾਂ ਕਿਸੇ ਹਿੰਸਾ ਜਾਂ ਅਣਸੁਖਾਵੀਂ ਘਟਨਾ ਦੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ।

ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਸ ਤੋਂ ਬਾਅਦ ਸ਼ਾਮ ਨੂੰ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਪੰਚਾਇਤੀ ਚੋਣਾਂ ਲਈ ਮੰਗਲਵਾਰ ਨੂੰ ਤਰਨਤਾਰਨ ਦੀਆਂ 573 ਪੰਚਾਇਤਾਂ ਵਿੱਚੋਂ 228 ਪੰਚਾਇਤਾਂ ਲਈ ਵੋਟਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਰਾਜ ਵਿੱਚ ਕੁੱਲ 13,225 ਪੰਚਾਇਤਾਂ ਹਨ। ਸਰਪੰਚ ਦੇ ਅਹੁਦੇ ਲਈ 3,798 ਅਤੇ ਪੰਚ ਦੇ ਅਹੁਦੇ ਲਈ 48,861 ਉਮੀਦਵਾਰ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਜਾ ਚੁੱਕੇ ਹਨ।

28 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਕ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤਰ੍ਹਾਂ ਮੰਗਲਵਾਰ ਨੂੰ 9,398 ਗ੍ਰਾਮ ਪੰਚਾਇਤਾਂ ਲਈ ਵੋਟਿੰਗ ਹੋਵੇਗੀ। ਸਰਪੰਚ ਦੇ ਅਹੁਦੇ ਲਈ 25,588 ਅਤੇ ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਮੈਦਾਨ ਵਿੱਚ ਹਨ। ਚੋਣਾਂ ਲਈ 19,110 ਪੋਲਿੰਗ ਸਟੇਸ਼ਨਾਂ ‘ਤੇ ਵੋਟਿੰਗ ਹੋਵੇਗੀ, ਜਿਸ ਦੀ ਸਮਾਪਤੀ ਤੋਂ ਬਾਅਦ ਤੁਰੰਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ।

ਸਾਰੇ ਚੋਣ ਬੂਥਾਂ ‘ਤੇ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਤਾਂ ਜੋ ਬਿਨਾਂ ਕਿਸੇ ਹਿੰਸਾ ਜਾਂ ਅਣਸੁਖਾਵੀਂ ਘਟਨਾ ਦੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਕਮਿਸ਼ਨ ਨੇ ਦੱਸਿਆ ਕਿ ਚੋਣਾਂ ਲਈ ਕੁੱਲ 96 ਹਜ਼ਾਰ ਸੁਰੱਖਿਆ ਮੁਲਾਜ਼ਮ ਤੇ ਸਟਾਫ਼ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 23 ਸੀਨੀਅਰ ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਨੂੰ ਵੀ ਅਬਜ਼ਰਵਰ ਬਣਾਇਆ ਗਿਆ ਹੈ। ਚੋਣਾਂ ਵਿੱਚ ਕੁੱਲ 1.33 ਕਰੋੜ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਹੋਵੇਗੀ, ਜਿਸ ਨੂੰ ਰਿਟਰਨਿੰਗ ਅਫ਼ਸਰ ਤਰਫ਼ੋਂ ਉਪ ਮੰਡਲ ਮੈਜਿਸਟਰੇਟ ਨੂੰ ਸੌਂਪਿਆ ਜਾਵੇਗਾ।