ਪੰਜਾਬ ‘ਚ 10 ਦਸੰਬਰ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਹੂਲਤ, 1076 ‘ਤੇ ਕਾਲ ਕਰਦੇ ਹੀ ਘਰ ਬੈਠੇ ਹੋਣਗੇ 43 ਸਰਕਾਰੀ ਕੰਮ

ਪੰਜਾਬ ‘ਚ 10 ਦਸੰਬਰ ਤੋਂ ਸ਼ੁਰੂ ਹੋਵੇਗੀ ਵਿਸ਼ੇਸ਼ ਸਹੂਲਤ, 1076 ‘ਤੇ ਕਾਲ ਕਰਦੇ ਹੀ ਘਰ ਬੈਠੇ ਹੋਣਗੇ 43 ਸਰਕਾਰੀ ਕੰਮ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋਕਾਂ ਨੂੰ ਹੈਲਪਲਾਈਨ ਨੰਬਰ 1076 ‘ਤੇ ਕਾਲ ਕਰਨੀ ਪਵੇਗੀ ਅਤੇ ਆਪਣੀ ਸਹੂਲਤ ਅਨੁਸਾਰ ਸਮਾਂ ਦੇਣਾ ਹੋਵੇਗਾ।

ਪੰਜਾਬ ਦੇ ਲੋਕਾਂ ਲਈ ਇਕ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ। 10 ਦਸੰਬਰ ਤੋਂ ਸੂਬੇ ਦੇ ਲੋਕਾਂ ਨੂੰ ਸਿਰਫ਼ ਇੱਕ ਫ਼ੋਨ ਕਾਲ ਨਾਲ ਹੀ 43 ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ਦੇ ਦਰਵਾਜ਼ੇ ‘ਤੇ ਮਿਲਣਗੀਆਂ। ਇਨ੍ਹਾਂ ਵਿੱਚ ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ, ਰਿਹਾਇਸ਼, ਜਾਤੀ ਅਤੇ ਪੈਨਸ਼ਨ ਸਰਟੀਫਿਕੇਟ, ਬਿਜਲੀ ਬਿੱਲਾਂ ਦਾ ਭੁਗਤਾਨ ਅਤੇ ਹੋਰ ਸੇਵਾਵਾਂ ਸ਼ਾਮਲ ਹਨ। ਇਸ ਦੇ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਸ਼ੁਰੂ ਕਰਨ ਜਾ ਰਹੀ ਹੈ।

ਇਹ ਗੱਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਬੱਸੀ ਪਠਾਣਾਂ ਦੇ ਸਾਂਝ ਕੇਂਦਰਾਂ ਦੇ ਅਚਨਚੇਤ ਦੌਰੇ ਦੌਰਾਨ ਕਹੀਆਂ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਨਾ ਸਿਰਫ਼ ਲੋਕਾਂ ਨੂੰ ਫਾਇਦਾ ਹੋਵੇਗਾ ਸਗੋਂ ਪੈਸੇ ਲੈ ਕੇ ਕੰਮ ਕਰਵਾਉਣ ਵਾਲੇ ਵਿਚੋਲਿਆਂ ਦੀ ਭੂਮਿਕਾ ਵੀ ਖ਼ਤਮ ਹੋ ਜਾਵੇਗੀ। ਪ੍ਰਸ਼ਾਸਨ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਹੋਵੇਗੀ। ਇਸ ਦੇ ਨਾਲ ਹੀ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ 100 ਹੋਰ ਆਮ ਆਦਮੀ ਕਲੀਨਿਕ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ।

ਇਸਦੇ ਨਾਲ ਹੀ ਆਉਣ ਵਾਲੇ ਸਾਲ ਵਿੱਚ ਸੂਬੇ ਵਿੱਚ ਪੰਜ ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਟੀਚਾ ਮਿਥਿਆ ਗਿਆ ਹੈ। ਇਹ ਫੈਸਲਾ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਵਿੱਚ ਲਿਆ ਗਿਆ। ਮੀਟਿੰਗ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋਕਾਂ ਨੂੰ ਹੈਲਪਲਾਈਨ ਨੰਬਰ 1076 ‘ਤੇ ਕਾਲ ਕਰਨੀ ਪਵੇਗੀ ਅਤੇ ਆਪਣੀ ਸਹੂਲਤ ਅਨੁਸਾਰ ਸਮਾਂ ਦੇਣਾ ਹੋਵੇਗਾ।

ਫੋਨ ‘ਤੇ ਹੀ ਬਿਨੈਕਾਰ ਨੂੰ ਸਬੰਧਤ ਸੇਵਾ ਦਾ ਲਾਭ ਲੈਣ ਲਈ ਲੋੜੀਂਦੇ ਦਸਤਾਵੇਜ਼ਾਂ, ਫੀਸਾਂ ਅਤੇ ਹੋਰ ਸ਼ਰਤਾਂ ਬਾਰੇ ਸੂਚਿਤ ਕੀਤਾ ਜਾਵੇਗਾ। ਇਸਦੇ ਲਈ, ਬਿਨੈਕਾਰ ਨੂੰ ਐਸਐਮਐਸ ਪ੍ਰਾਪਤ ਹੋਵੇਗਾ, ਜਿਸ ਰਾਹੀਂ ਉਸਨੂੰ ਲੋੜੀਂਦੇ ਦਸਤਾਵੇਜ਼, ਮਿਤੀ ਅਤੇ ਸਮੇਂ ਬਾਰੇ ਪਤਾ ਲੱਗ ਜਾਵੇਗਾ। ਮਾਨ ਨੇ ਦੱਸਿਆ ਕਿ ਨਿਰਧਾਰਤ ਸਮੇਂ ਅਨੁਸਾਰ ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਕਰਮਚਾਰੀ ਟੈਬਲੈੱਟ ਲੈ ਕੇ ਸਬੰਧਤ ਬਿਨੈਕਾਰ ਦੇ ਘਰ ਜਾਂ ਦਫ਼ਤਰ ਜਾ ਕੇ ਸਾਰੀਆਂ ਲੋੜੀਂਦੀਆਂ ਕਾਗਜ਼ੀ ਕਾਰਵਾਈਆਂ ਨੂੰ ਪੂਰਾ ਕਰਨਗੇ ਅਤੇ ਫੀਸ ਜਮ੍ਹਾਂ ਕਰਵਾਉਣਗੇ। ਬਿਨੈਕਾਰ ਨੂੰ ਇੱਕ ਰਸੀਦ ਵੀ ਦਿੱਤੀ ਜਾਵੇਗੀ। ਜਿਸ ਨਾਲ ਉਹ ਆਪਣੀ ਅਰਜ਼ੀ ‘ਤੇ ਚੱਲ ਰਹੀ ਪ੍ਰਕਿਰਿਆ ਬਾਰੇ ਜਾਣ ਸਕੇਗਾ।