- ਸਿਹਤ
- No Comment
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰਮੀ ਸਬੰਧੀ ਸਮੀਖਿਆ ਮੀਟਿੰਗ ਕੀਤੀ, ਹੀਟਵੇਵ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਭਾਰਤੀ ਮੌਸਮ ਵਿਭਾਗ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਅਪ੍ਰੈਲ ਤੋਂ ਜੂਨ ਦੌਰਾਨ ਬਹੁਤ ਜ਼ਿਆਦਾ ਗਰਮੀ ਪੈ ਸਕਦੀ ਹੈ। ਕੇਂਦਰੀ ਅਤੇ ਪੱਛਮੀ ਪ੍ਰਾਇਦੀਪ ਦੇ ਖੇਤਰਾਂ ਵਿੱਚ ਸਥਿਤੀ ਸਭ ਤੋਂ ਖਰਾਬ ਹੋ ਸਕਦੀ ਹੈ।
ਭਾਰਤ ਵਿਚ ਗਰਮੀ ਪੈਣੀ ਸ਼ੁਰੂ ਹੋ ਗਈ ਅਤੇ ਲੋਕਾਂ ‘ਤੇ ਇਸਦਾ ਪ੍ਰਭਾਵ ਪੈਣਾ ਵੀ ਸ਼ੁਰੂ ਹੋ ਗਿਆ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਗਰਮੀਆਂ ਦੇ ਮੌਸਮ ਨੂੰ ਲੈ ਕੇ ਸਮੀਖਿਆ ਬੈਠਕ ਕੀਤੀ। ਇਸ ਵਿੱਚ ਉਨ੍ਹਾਂ ਨੇ ਗਰਮੀ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਕੇਂਦਰ, ਰਾਜ ਅਤੇ ਜ਼ਿਲਾ ਪੱਧਰ ‘ਤੇ ਸਾਰੇ ਸਰਕਾਰੀ ਅਦਾਰਿਆਂ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ।
ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਮੁੱਖ ਸਕੱਤਰ, ਗ੍ਰਹਿ ਸਕੱਤਰ, ਭਾਰਤੀ ਮੌਸਮ ਵਿਭਾਗ (ਆਈਐਮਡੀ), ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਅਧਿਕਾਰੀ ਸ਼ਾਮਲ ਹੋਏ। ਅਧਿਕਾਰਤ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਬੈਠਕ ‘ਚ ਪ੍ਰਧਾਨ ਮੰਤਰੀ ਮੋਦੀ ਨੂੰ ਅਪ੍ਰੈਲ ਤੋਂ ਜੂਨ ਦੌਰਾਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ‘ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਬਾਰੇ ਦੱਸਿਆ ਗਿਆ।
ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਵਿੱਚ ਗਰਮੀ ਦੀਆਂ ਅਜਿਹੀਆਂ ਸਥਿਤੀਆਂ ਹੋਣ ਦੀ ਜ਼ਿਆਦਾ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਅਪ੍ਰੈਲ ਤੋਂ ਜੂਨ ਦੌਰਾਨ ਬਹੁਤ ਜ਼ਿਆਦਾ ਗਰਮੀ ਪੈ ਸਕਦੀ ਹੈ। ਕੇਂਦਰੀ ਅਤੇ ਪੱਛਮੀ ਪ੍ਰਾਇਦੀਪ ਦੇ ਖੇਤਰਾਂ ਵਿੱਚ ਸਥਿਤੀ ਸਭ ਤੋਂ ਖਰਾਬ ਹੋ ਸਕਦੀ ਹੈ। ਇਸ ਦੌਰਾਨ ਦੇਸ਼ ਵਿੱਚ 19 ਅਪ੍ਰੈਲ ਤੋਂ ਸੱਤ ਪੜਾਵਾਂ ਵਿੱਚ ਆਮ ਚੋਣਾਂ ਸ਼ੁਰੂ ਹੋ ਰਹੀਆਂ ਹਨ।
ਇਸ ਮੀਟਿੰਗ ਵਿੱਚ ਇਸ ਗੱਲ ‘ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਗਿਆ ਕਿ ਕਿਸ ਤਰ੍ਹਾਂ ਟੈਲੀਵਿਜ਼ਨ, ਰੇਡੀਓ ਅਤੇ ਸੋਸ਼ਲ ਮੀਡੀਆ ਸਮੇਤ ਸਾਰੇ ਪਲੇਟਫਾਰਮਾਂ ਅਤੇ ਖੇਤਰੀ ਭਾਸ਼ਾਵਾਂ ਵਿੱਚ ਲੋੜੀਂਦੀ ਜਾਣਕਾਰੀ ਸਮੇਂ ਸਿਰ ਦਿੱਤੀ ਜਾਵੇ। ਅਧਿਕਾਰਤ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਿਹਤ ਮੰਤਰਾਲੇ ਅਤੇ ਐਨਡੀਐਮਏ ਦੁਆਰਾ ਜਾਰੀ ਸਲਾਹਾਂ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਹੈ।
ਪੀਐੱਮ ਨੇ ਹਸਪਤਾਲਾਂ ਵਿੱਚ ਤਿਆਰੀ ਅਤੇ ਜਾਗਰੂਕਤਾ ‘ਤੇ ਜ਼ੋਰ ਦਿੱਤਾ। ਸਿਹਤ ਖੇਤਰ ਵਿੱਚ ਤਿਆਰੀਆਂ ਦੀ ਸਮੀਖਿਆ ਦੇ ਹਿੱਸੇ ਵਜੋਂ, ਜ਼ਰੂਰੀ ਦਵਾਈਆਂ, ਨਾੜੀ ਵਿੱਚ ਤਰਲ ਪਦਾਰਥ, ਆਈਸ ਪੈਕ, ਓਆਰਐਸ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਦੀ ਜਾਂਚ ਕੀਤੀ ਗਈ। ਇਸ ਦੇ ਨਾਲ, ਪ੍ਰਧਾਨ ਮੰਤਰੀ ਨੇ ਜੰਗਲ ਦੀ ਅੱਗ ਦਾ ਤੁਰੰਤ ਪਤਾ ਲਗਾਉਣ ਅਤੇ ਜਲਦੀ ਤੋਂ ਜਲਦੀ ਬੁਝਾਉਣ ਦੀ ਜ਼ਰੂਰਤ ‘ਤੇ ਵੀ ਜ਼ੋਰ ਦਿੱਤਾ।