ਸੁਖਪਾਲ ਖਹਿਰਾ ਖਿਲਾਫ ਪਰਚਾ ਦਰਜ਼ ਕਰਕੇ ਸੀਐੱਮ ਨੇ ਸਾਬਤ ਕਰ ਦਿੱਤਾ ਕਿ ‘ਆਪ’ ਕਾਂਗਰਸ ਤੋਂ ਡਰਦੀ ਹੈ : ਪ੍ਰਤਾਪ ਸਿੰਘ ਬਾਜਵਾ

ਸੁਖਪਾਲ ਖਹਿਰਾ ਖਿਲਾਫ ਪਰਚਾ ਦਰਜ਼ ਕਰਕੇ ਸੀਐੱਮ ਨੇ ਸਾਬਤ ਕਰ ਦਿੱਤਾ ਕਿ ‘ਆਪ’ ਕਾਂਗਰਸ ਤੋਂ ਡਰਦੀ ਹੈ : ਪ੍ਰਤਾਪ ਸਿੰਘ ਬਾਜਵਾ

ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਐਫਆਈਆਰ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ।

ਸੁਖਪਾਲ ਖਹਿਰਾ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਲਖੀ ਅਕਸਰ ਦੇਖਣ ਨੂੰ ਮਿਲਦੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਕਪੂਰਥਲਾ ਦੇ ਸੁਭਾਨਪੁਰ ਥਾਣੇ ‘ਚ ਧਮਕੀਆਂ ਦੇਣ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਉਣ ਬਾਰੇ ਕਾਂਗਰਸ ਦਾ ਕਹਿਣਾ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਬਦਲਾਅ ਦੀ ਨਹੀਂ ਸਗੋਂ ‘ਬਦਲੇ’ ਦੀ ਪਾਰਟੀ ਹੈ, ਕਿਉਂਕਿ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਦੀਆਂ ਕਰਤੂਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਸਨ।

ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖਹਿਰਾ ਖਿਲਾਫ ਦਰਜ ਹੋਈ ਨਵੀਂ ਐਫਆਈਆਰ ਦੀ ਨਿੰਦਾ ਕੀਤੀ ਹੈ। ਇਸ ਦੇ ਨਾਲ ਹੀ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਨਵੀਂ ਐਫਆਈਆਰ ਇਸ ਗੱਲ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਕਰਦੀ ਹੈ। ਬਾਜਵਾ ਨੇ ਕਿਹਾ, ਸਾਰਾ ਸੱਚ ਸ਼ੀਸ਼ੇ ਵਾਂਗ ਸਾਫ ਹੈ।

ਪੁਲਿਸ ਨੇ ਖਹਿਰਾ ਖਿਲਾਫ ਕੇਸ ਦਰਜ ਕੀਤਾ ਸੀ ਜਦੋਂ ਉਨ੍ਹਾਂ ਨੂੰ ਪਤਾ ਸੀ ਕਿ ਹਾਈਕੋਰਟ ਉਨ੍ਹਾਂ ਨੂੰ ਐਨਡੀਪੀਐਸ ਐਕਟ ਦੇ ਕੇਸ ਵਿੱਚ ਜ਼ਮਾਨਤ ਦੇ ਦੇਵੇਗਾ। ਜਮਾਨਤ ਮਿਲਦੇ ਹੀ ਪੁਲਿਸ ਨੇ ਖਹਿਰਾ ਖਿਲਾਫ ਨਵਾਂ ਮਾਮਲਾ ਦਰਜ ਕਰ ਲਿਆ ਹੈ। ਇਹ ਸਭ ਸਰਕਾਰ ਦੀ ਸੋਚੀ ਸਮਝੀ ਰਾਜਨੀਤੀ ਹੈ, ਕਿਉਂਕਿ ਆਮ ਆਦਮੀ ਪਾਰਟੀ ਕਾਂਗਰਸ ਤੋਂ ਡਰਦੀ ਹੈ। ਇਹ ਕਾਂਗਰਸ ਹੀ ਹੈ ਜਿਸ ਨੇ ਪੂਰੇ ਪੰਜਾਬ ਵਿੱਚ ‘ਆਪ’ ਦੀ ਅਸਲੀਅਤ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਪਾਸਨਾ ਲਈ ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਜਾਂਦੇ ਹਨ। ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੇ ਸੰਮਨ ਤੋਂ ਬਚਣ ਲਈ ਪੰਜਾਬ ਆਉਂਦੇ ਹਨ। ਬਾਜਵਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਨੂੰ ਉਨ੍ਹਾਂ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਤਾਂ ਭਗਵੰਤ ਮਾਨ ਜਾਂ ਤਾਂ ਚੋਣਾਂ ਵਾਲੇ ਰਾਜਾਂ ਵਿੱਚ ਪਾਰਟੀ ਦੇ ਵਿਸਤਾਰ ਲਈ ਚਲੇ ਜਾਂਦੇ ਹਨ ਜਾਂ ਧਿਆਨ ਵਰਗੀਆਂ ਕੁਝ ਨਿੱਜੀ ਗੱਲਾਂ ਵਿੱਚ ਉਲਝ ਜਾਂਦੇ ਹਨ। ਪੰਜਾਬ ਦੇ ਲੋਕ ਇਹ ਸਭ ਦੇਖ ਰਹੇ ਹਨ। ਇਸ ਦੇ ਨਾਲ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਉਨ੍ਹਾਂ ਨੇ ਬਦਲੇ ਦੀ ਰਾਜਨੀਤੀ ਕੀਤੀ ਹੈ।