ਕੁੰਭ ਮੇਲੇ ਲਈ ਭਾਰਤੀ ਰੇਲਵੇ ਵੱਲੋਂ ਵਿਸ਼ੇਸ਼ ਤਿਆਰੀਆਂ, 992 ਵਿਸ਼ੇਸ਼ ਟਰੇਨਾਂ ਚਲਾਈਆਂ ਜਾਣਗੀਆਂ

ਕੁੰਭ ਮੇਲੇ ਲਈ ਭਾਰਤੀ ਰੇਲਵੇ ਵੱਲੋਂ ਵਿਸ਼ੇਸ਼ ਤਿਆਰੀਆਂ, 992 ਵਿਸ਼ੇਸ਼ ਟਰੇਨਾਂ ਚਲਾਈਆਂ ਜਾਣਗੀਆਂ

ਜਨਵਰੀ ਤੋਂ ਸ਼ੁਰੂ ਹੋ ਰਹੇ ਸਮਾਗਮ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਸੰਭਾਲਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਦੇ ਦੋ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਵੀ ਸੋਮੰਨਾ ਨੇ ਮੀਟਿੰਗਾਂ ਕੀਤੀਆਂ।

ਕੁੰਭ ਮੇਲੇ ਲਈ ਭਾਰਤੀ ਰੇਲਵੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਰੇਲ ਮੰਤਰਾਲਾ ਕੁੰਭ ਮੇਲੇ ਲਈ ਵਿਸਤ੍ਰਿਤ ਪ੍ਰਬੰਧ ਕਰਨ ‘ਤੇ ਕੰਮ ਕਰ ਰਿਹਾ ਹੈ ਅਤੇ ਜਨਵਰੀ ਵਿਚ ਪ੍ਰਯਾਗਰਾਜ ਵਿਚ ਹੋਣ ਵਾਲੇ ਵਿਸ਼ਾਲ ਧਾਰਮਿਕ ਸਮਾਗਮ ਲਈ 992 ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ। ਇਹ ਜਾਣਕਾਰੀ ਖੁਦ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਸੱਤ ਪੋਸਟਾਂ ਕੀਤੀਆਂ ਅਤੇ ਦੱਸਿਆ ਕਿ ਰੇਲਵੇ ਮੰਤਰਾਲੇ ਨੇ ਕੁੰਭ ਮੇਲੇ ਲਈ ਕੀ ਤਿਆਰੀਆਂ ਕੀਤੀਆਂ ਹਨ।

ਉਨ੍ਹਾਂ ਨੇ ਲਿਖਿਆ “ਕੁੰਭ ਮੇਲਾ – ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਇਕੱਠ, ਭਾਰਤੀ ਰੇਲਵੇ ਕੁੰਭ ਮੇਲਾ 2025 ਲਈ ਸ਼ਰਧਾਲੂਆਂ ਲਈ ਰਿਕਾਰਡ ਟ੍ਰੇਨਾਂ, ਅਪਗ੍ਰੇਡ ਕੀਤੇ ਟ੍ਰੈਕ ਅਤੇ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਰੇਲਵੇ ਅਧਿਕਾਰੀਆਂ ਅਨੁਸਾਰ, ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਤੋਂ ਇਲਾਵਾ, ਮੰਤਰਾਲੇ ਨੇ ਯਾਤਰੀਆਂ ਲਈ ਵੱਖ-ਵੱਖ ਬੁਨਿਆਦੀ ਢਾਂਚੇ ਅਤੇ ਸਹੂਲਤਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 933 ਕਰੋੜ ਰੁਪਏ ਰੱਖੇ ਹਨ।

ਇਸ ਤੋਂ ਇਲਾਵਾ ਪ੍ਰਯਾਗਰਾਜ ਡਿਵੀਜ਼ਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰੇਲ ਗੱਡੀਆਂ ਦੀ ਸੁਚਾਰੂ ਆਵਾਜਾਈ ਲਈ 3,700 ਕਰੋੜ ਰੁਪਏ ਦੀ ਲਾਗਤ ਨਾਲ ਰੇਲ ਪਟੜੀਆਂ ਨੂੰ ਡਬਲ ਕਰਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। 12 ਜਨਵਰੀ ਤੋਂ ਸ਼ੁਰੂ ਹੋ ਰਹੇ ਸਮਾਗਮ ਦੌਰਾਨ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਸੰਭਾਲਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਰੇਲ ਰਾਜ ਦੇ ਦੋ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਵੀ ਸੋਮੰਨਾ ਨੇ ਸ਼ਨੀਵਾਰ ਨੂੰ ਮੀਟਿੰਗਾਂ ਕੀਤੀਆਂ।