ਭਾਜਪਾ ਨੇ ਕਾਂਗਰਸ ਤੋਂ ਆਏ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫ਼ਿਰੋਜ਼ਪੁਰ ਤੋਂ ਬਣਾਇਆ ਆਪਣਾ ਉਮੀਦਵਾਰ

ਭਾਜਪਾ ਨੇ ਕਾਂਗਰਸ ਤੋਂ ਆਏ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਫ਼ਿਰੋਜ਼ਪੁਰ ਤੋਂ ਬਣਾਇਆ ਆਪਣਾ ਉਮੀਦਵਾਰ

ਗੁਰਮੀਤ ਸਿੰਘ ਸੋਢੀ ਗੁਰੂਹਰਸਹਾਏ ਤੋਂ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਉਹ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਖੇਡ ਮੰਤਰੀ ਵੀ ਰਹਿ ਚੁੱਕੇ ਹਨ।

ਪੰਜਾਬ ਦੇ ਕਈ ਨੇਤਾ ਲੋਕਸਭਾ ਚੋਣਾਂ ਤੋਂ ਪਹਿਲਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ। ਪੰਜਾਬ ਦੇ ਫ਼ਿਰੋਜ਼ਪੁਰ ‘ਚ ਭਾਜਪਾ ਨੇ ਰਾਣਾ ਗੁਰਮੀਤ ਸਿੰਘ ਸੋਢੀ ‘ਤੇ ਭਰੋਸਾ ਪ੍ਰਗਟਾਉਂਦਿਆਂ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।

ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਜਿਆਣੀ ਵੀ ਇਸ ਟਿਕਟ ਦੀ ਦੌੜ ਵਿੱਚ ਸਨ, ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ। ਸੋਢੀ ਗੁਰੂਹਰਸਹਾਏ ਤੋਂ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਵਿਧਾਇਕ ਰਹੇ ਹਨ। ਉਹ ਕਾਂਗਰਸ ਸਰਕਾਰ ਦੇ ਸਮੇਂ ਵਿੱਚ ਖੇਡ ਮੰਤਰੀ ਵੀ ਰਹਿ ਚੁੱਕੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।

ਭਾਜਪਾ ਨੇ ਵਿਧਾਨ ਸਭਾ ਚੋਣਾਂ ਵਿੱਚ ਸੋਢੀ ਨੂੰ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਸੀ, ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਬੀਰ ਸਿੰਘ ਭੁੱਲਰ ਤੋਂ ਹਾਰ ਗਏ ਸਨ। ਰਾਣਾ ਗੁਰਮੀਤ ਸਿੰਘ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਸਨ। ਜਿਵੇਂ ਹੀ ਕੈਪਟਨ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਤਾਂ ਕੁਝ ਸਮੇਂ ਬਾਅਦ ਹੀ ਸੋਢੀ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ। ਸਿਆਸੀ ਮਾਹਿਰਾਂ ਅਨੁਸਾਰ ਕੈਪਟਨ ਅਜੇ ਵੀ ਸੋਢੀ ਨੂੰ ਫ਼ਿਰੋਜ਼ਪੁਰ ਤੋਂ ਟਿਕਟ ਦਿਵਾਉਣ ‘ਤੇ ਅੜੇ ਹੋਏ ਸਨ। ਇੱਥੋਂ ਟਿਕਟਾਂ ਦੇ ਦਾਅਵੇਦਾਰ ਸੁਰਜੀਤ ਜਿਆਣੀ, ਰਮਿੰਦਰ ਅਮਲਾ ਅਤੇ ਸੋਢੀ ਸਨ। ਅਮਲਾ ਦੀ ਸ਼ਰਤ ਇਹ ਸੀ ਕਿ ਉਹ ਕਾਂਗਰਸ ਛੱਡ ਕੇ ਭਾਜਪਾ ਵਿੱਚ ਉਦੋਂ ਹੀ ਸ਼ਾਮਲ ਹੋਣਗੇ ਜਦੋਂ ਭਾਜਪਾ ਉਨ੍ਹਾਂ ਨੂੰ ਟਿਕਟ ਦੇਵੇਗੀ, ਅਜਿਹਾ ਨਹੀਂ ਹੋਇਆ ਅਤੇ ਸੋਢੀ ਨੂੰ ਟਿਕਟ ਮਿਲ ਗਈ।