- ਅੰਤਰਰਾਸ਼ਟਰੀ
- No Comment
ਯੂਕਰੇਨ ਨੂੰ 4 ਹਜ਼ਾਰ ਰੁਪਏ ਦਾਨ ਕਰਨ ਵਾਲੀ ਡਾਂਸਰ ਗ੍ਰਿਫਤਾਰ, ਅਮਰੀਕੀ-ਰੂਸੀ ਔਰਤ ‘ਤੇ ਦੇਸ਼ਧ੍ਰੋਹ ਦਾ ਦੋਸ਼
ਰੂਸ ਦਾ ਇਲਜ਼ਾਮ ਹੈ ਕਿ 33 ਸਾਲਾ ਕਸੇਨੀਆ ਕੈਰੇਲੀਨਾ ਨੇ ਯੂਕਰੇਨ ਨੂੰ ਲਗਭਗ 4 ਹਜ਼ਾਰ ਰੁਪਏ ($51) ਦਾਨ ਕੀਤੇ ਹਨ। ਇਹ ਦਾਨ ਰੂਸ ਵਿਰੁੱਧ ਜੰਗ ਲੜਨ ਲਈ ਦਿੱਤਾ ਗਿਆ ਸੀ।
ਯੂਕਰੇਨ- ਰੂਸ ਯੁੱਧ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਰੂਸੀ ਪੁਲਿਸ ਨੇ ਇੱਕ ਅਮਰੀਕੀ-ਰੂਸੀ ਔਰਤ ਨੂੰ ਦੇਸ਼ਧ੍ਰੋਹ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਰੂਸ ਦਾ ਇਲਜ਼ਾਮ ਹੈ ਕਿ 33 ਸਾਲਾ ਕਸੇਨੀਆ ਕੈਰੇਲੀਨਾ ਨੇ ਯੂਕਰੇਨ ਨੂੰ ਲਗਭਗ 4 ਹਜ਼ਾਰ ਰੁਪਏ ($51) ਦਾਨ ਕੀਤੇ ਹਨ। ਇਹ ਦਾਨ ਰੂਸ ਵਿਰੁੱਧ ਜੰਗ ਲੜਨ ਲਈ ਦਿੱਤਾ ਗਿਆ ਸੀ।
ਗ੍ਰਿਫਤਾਰੀ ਤੋਂ ਬਾਅਦ ਕਸੇਨੀਆ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਦੇ ਅੱਖਾਂ ‘ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਹੱਥਕੜੀ ਲਗਾਈ ਗਈ ਸੀ। ਰੂਸ ਦੀ ਸੰਘੀ ਸੁਰੱਖਿਆ ਸੇਵਾ ਦਾ ਕਹਿਣਾ ਹੈ ਕਿ 24 ਫਰਵਰੀ 2022 ਨੂੰ ਸ਼ੁਰੂ ਹੋਏ ਰੂਸ-ਯੂਕਰੇਨ ਯੁੱਧ ਦੇ ਦੌਰਾਨ ਕਸੇਨੀਆ ਲਗਾਤਾਰ ਯੂਕਰੇਨੀ ਫੌਜ ਲਈ ਫੰਡ ਇਕੱਠਾ ਕਰ ਰਹੀ ਹੈ। ਯੂਕਰੇਨ ਇਸ ਫੰਡ ਦੀ ਵਰਤੋਂ ਸੈਨਿਕਾਂ ਦੇ ਇਲਾਜ ਅਤੇ ਅਸਲਾ ਖਰੀਦਣ ਲਈ ਕਰਦਾ ਹੈ। ਮਾਸਕੋ ਟਾਈਮਜ਼ ਮੁਤਾਬਕ ਕਸੇਨੀਆ ਅਮਰੀਕਾ ਦੇ ਲਾਸ ਏਂਜਲਸ ਵਿੱਚ ਰਹਿੰਦੀ ਹੈ, ਉਥੇ ਉਹ ਸਪਾ ਦੀ ਮੈਨੇਜਰ ਹੈ।
27 ਜਨਵਰੀ ਨੂੰ ਉਹ ਰੂਸ ਦੇ ਯੇਕਾਟੇਰਿਨਬਰਗ ਸ਼ਹਿਰ ਵਿੱਚ ਆਪਣੇ ਘਰ ਆਈ ਸੀ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕਸੇਨੀਆ ਅਮਰੀਕਾ ਵਿੱਚ ਰੂਸ ਦੇ ਖਿਲਾਫ ਅਤੇ ਯੂਕਰੇਨ ਦੇ ਸਮਰਥਨ ਵਿੱਚ ਕਈ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਂਦੀ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਪੁਲਸ ਅਧਿਕਾਰੀ ਕਸੇਨੀਆ ਨੂੰ ਗ੍ਰਿਫਤਾਰ ਕਰਨ ਪਹੁੰਚੇ ਤਾਂ ਉਸ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਵਿੱਚ ਹੱਥੋਪਾਈ ਵੀ ਕੀਤੀ।
29 ਜਨਵਰੀ ਨੂੰ ਅਦਾਲਤ ਨੇ ਕਸੇਨੀਆ ਨੂੰ ਪੁਲਿਸ ਨਾਲ ਝਗੜਾ ਕਰਨ ਅਤੇ ਜਨਤਕ ਤੌਰ ‘ਤੇ ਅਪਮਾਨਜਨਕ ਭਾਸ਼ਾ ਬੋਲਣ ਦੇ ਦੋਸ਼ ‘ਚ 14 ਦਿਨਾਂ ਦੀ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਬਾਅਦ ‘ਚ ਉਸ ‘ਤੇ ਦੇਸ਼ਧ੍ਰੋਹ ਦਾ ਦੋਸ਼ ਲਗਾਇਆ ਗਿਆ ਸੀ। ਫਿਲਹਾਲ ਉਹ ਪੁਲਸ ਹਿਰਾਸਤ ‘ਚ ਹੈ। ਜੇਕਰ ਦੋਸ਼ ਸਾਬਤ ਹੋ ਜਾਂਦੇ ਹਨ, ਤਾਂ ਕਸੇਨੀਆ ਨੂੰ 12 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।