- ਰਾਸ਼ਟਰੀ
- No Comment
ਹਿਮਾਚਲ ਕਾਂਗਰਸ ‘ਚ ਵਿਵਾਦ : ਸੀਐੱਮ ਸੁੱਖੂ ਤੋਂ ਨਾਰਾਜ਼ ਹੋਏ ਕਈ ਵਿਧਾਇਕ, ਉਨ੍ਹਾਂ ਨੂੰ ਹਟਾਉਣ ਦੀ ਕੀਤੀ ਮੰਗ
ਸੂਤਰਾਂ ਦੀ ਮੰਨੀਏ ਤਾਂ 34 ‘ਚੋਂ 20 ਵਿਧਾਇਕਾਂ ਨੇ ਵੀ ਲੀਡਰਸ਼ਿਪ ਤੋਂ ਮੁੱਖ ਮੰਤਰੀ ਸੁੱਖੂ ਨੂੰ ਬਦਲਣ ਦੀ ਮੰਗ ਕੀਤੀ ਹੈ। ਕਰਾਸ ਵੋਟਿੰਗ ਕਰਨ ਵਾਲੇ ਛੇ ਵਿਧਾਇਕਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਨਾਰਾਜ਼ਗੀ ਪਾਰਟੀ ਲੀਡਰਸ਼ਿਪ ਨਾਲ ਨਹੀਂ ਸੀ, ਸਗੋਂ ਮੁੱਖ ਮੰਤਰੀ ਸੁੱਖੂ ਨਾਲ ਹੈ।
ਪੰਜਾਬ ਤੋਂ ਬਾਅਦ ਹਿਮਾਚਲ ਕਾਂਗਰਸ ਵਿਚ ਵੀ ਅਣਬਣ ਵੇਖਣ ਨੂੰ ਮਿਲ ਰਹੀ ਹੈ। ਹਿਮਾਚਲ ਦੀ ਇੱਕ ਰਾਜ ਸਭਾ ਸੀਟ ‘ਤੇ ਹੋਈਆਂ ਚੋਣਾਂ ਤੋਂ ਬਾਅਦ ਕਾਂਗਰਸ ਦੇ ਅੰਦਰ ਕਲੇਸ਼ ਸਾਹਮਣੇ ਆ ਗਿਆ ਹੈ। ਸੂਤਰਾਂ ਮੁਤਾਬਕ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਦੇ ਸਮਰਥਨ ‘ਚ ਵੋਟ ਪਾਉਣ ਵਾਲੇ 34 ਵਿਧਾਇਕਾਂ ਵਿਚ ਵੀ ਸੀ.ਐੱਮ ਸੁਖਵਿੰਦਰ ਸਿੰਘ ਸੁੱਖੂ ਦੀ ਕਾਫੀ ਨਾਰਾਜ਼ਗੀ ਹੈ।
ਸੂਤਰਾਂ ਦੀ ਮੰਨੀਏ ਤਾਂ 34 ‘ਚੋਂ 20 ਵਿਧਾਇਕਾਂ ਨੇ ਵੀ ਲੀਡਰਸ਼ਿਪ ਤੋਂ ਮੁੱਖ ਮੰਤਰੀ ਸੁੱਖੂ ਨੂੰ ਬਦਲਣ ਦੀ ਮੰਗ ਕੀਤੀ ਹੈ। ਵਿਧਾਇਕਾਂ ਦਾ ਕਹਿਣਾ ਹੈ ਕਿ ਸੀਐਮ ਸੁੱਖੂ ਨੇ ਸਾਰਿਆਂ ਨੂੰ ਨਜ਼ਰਅੰਦਾਜ਼ ਕੀਤਾ। ਕਰਾਸ ਵੋਟਿੰਗ ਕਰਨ ਵਾਲੇ ਛੇ ਵਿਧਾਇਕਾਂ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਨਾਰਾਜ਼ਗੀ ਪਾਰਟੀ ਲੀਡਰਸ਼ਿਪ ਨਾਲ ਨਹੀਂ ਸੀ, ਸਗੋਂ ਮੁੱਖ ਮੰਤਰੀ ਸੁੱਖੂ ਨਾਲ ਹੈ।
ਸੂਤਰਾਂ ਨੇ ਇਹ ਵੀ ਕਿਹਾ ਕਿ ਜੇਕਰ ਸੀਐਮ ਬਦਲਿਆ ਜਾਂਦਾ ਹੈ ਤਾਂ ਛੇ ਵਿਧਾਇਕ ਵਾਪਸ ਆ ਸਕਦੇ ਹਨ। ਜ਼ਿਕਰਯੋਗ ਹੈ ਕਿ 25 ਵਿਧਾਇਕ ਹੋਣ ਦੇ ਬਾਵਜੂਦ ਭਾਜਪਾ ਜਿੱਤ ਗਈ ਸੀ। ਭਾਜਪਾ ਉਮੀਦਵਾਰ ਹਰਸ਼ ਮਹਾਜਨ ਅਤੇ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਨੂੰ 34-34 ਵੋਟਾਂ ਮਿਲੀਆਂ ਸਨ। ਬਾਅਦ ਵਿੱਚ ਟਾਸ ਰਾਹੀਂ ਜੇਤੂ ਦਾ ਫੈਸਲਾ ਕੀਤਾ ਗਿਆ, ਜਿਸ ਵਿੱਚ ਹਰਸ਼ ਮਹਾਜਨ ਜੇਤੂ ਰਹੇ ਸਨ।
ਕਾਂਗਰਸ ਦੇ ਛੇ ਅਤੇ ਤਿੰਨ ਆਜ਼ਾਦ ਵਿਧਾਇਕਾਂ ਨੇ ਭਾਜਪਾ ਦੇ ਹੱਕ ਵਿੱਚ ਵੋਟ ਪਾਈ। ਇਸ ਹਾਰ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਜਿੱਤ ਤੋਂ ਉਤਸ਼ਾਹਿਤ ਭਾਜਪਾ ਨੇ ਦਾਅਵਾ ਕੀਤਾ ਕਿ ਸੁੱਖੂ ਸਰਕਾਰ ਕੋਲ ਬਹੁਮਤ ਨਹੀਂ ਹੈ ਅਤੇ ਇਹ ਸਰਕਾਰ ਡਿੱਗ ਜਾਵੇਗੀ। ਜਿੱਤ ਤੋਂ ਬਾਅਦ ਹਰਸ਼ ਮਹਾਜਨ ਨੇ ਦਾਅਵਾ ਕੀਤਾ ਕਿ ਸੂਬੇ ‘ਚ ਹੁਣ ਭਾਜਪਾ ਦੀ ਸਰਕਾਰ ਬਣੇਗੀ।