ਇਸਲਾਮ ਦੇ ਗੜ੍ਹ ‘ਚ ਪਹਿਲੀ ਵਾਰ ਵਿਕੇਗੀ ਸ਼ਰਾਬ, ਸਾਊਦੀ ਪ੍ਰਿੰਸ ਨੇ ਦਿੱਤੀ ਮਨਜ਼ੂਰੀ

ਇਸਲਾਮ ਦੇ ਗੜ੍ਹ ‘ਚ ਪਹਿਲੀ ਵਾਰ ਵਿਕੇਗੀ ਸ਼ਰਾਬ, ਸਾਊਦੀ ਪ੍ਰਿੰਸ ਨੇ ਦਿੱਤੀ ਮਨਜ਼ੂਰੀ

ਸਾਊਦੀ ਅਰਬ ਨੇ ਆਪਣੀ ਰਾਜਧਾਨੀ ਰਿਆਦ ਵਿੱਚ ਸ਼ਰਾਬ ਦੇ ਪਹਿਲੇ ਸਟੋਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸ਼ਰਾਬ ਦੀ ਦੁਕਾਨ ਖਾਸ ਤੌਰ ‘ਤੇ ਗੈਰ-ਮੁਸਲਿਮ ਵਿਦੇਸ਼ੀ ਡਿਪਲੋਮੈਟਾਂ ਲਈ ਹੋਵੇਗੀ। ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ।

ਸਾਊਦੀ ਅਰਬ ਵਿੱਚ ਸ਼ਰਾਬ ਦੀ ਦੁਕਾਨ ਖੋਲਣ ‘ਤੇ ਪੂਰੀ ਪਾਬੰਦੀ ਹੈ, ਪਰ ਹੁਣ ਇਸਲਾਮ ਦੇ ਦੋ ਸਭ ਤੋਂ ਪਵਿੱਤਰ ਸ਼ਹਿਰ ਮੱਕਾ ਅਤੇ ਮਦੀਨਾ ਦੇ ਦੇਸ਼ ਸਾਊਦੀ ਅਰਬ ਵਿੱਚ ਪਹਿਲੀ ਸ਼ਰਾਬ ਦੀ ਦੁਕਾਨ ਖੁੱਲ੍ਹਣ ਜਾ ਰਹੀ ਹੈ। ਸਾਊਦੀ ਅਰਬ ਨੇ ਆਪਣੀ ਰਾਜਧਾਨੀ ਰਿਆਦ ਵਿੱਚ ਸ਼ਰਾਬ ਦੇ ਪਹਿਲੇ ਸਟੋਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸ਼ਰਾਬ ਦੀ ਦੁਕਾਨ ਖਾਸ ਤੌਰ ‘ਤੇ ਗੈਰ-ਮੁਸਲਿਮ ਵਿਦੇਸ਼ੀ ਡਿਪਲੋਮੈਟਾਂ ਲਈ ਹੋਵੇਗੀ।

ਸ਼ਰਾਬ ਖਰੀਦਣ ਲਈ ਗਾਹਕ ਨੂੰ ਮੋਬਾਈਲ ਸਟੋਰ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਲੀਅਰੈਂਸ ਕੋਡ ਮਿਲੇਗਾ। ਹਰੇਕ ਗਾਹਕ ਦਾ ਮਹੀਨਾਵਾਰ ਕੋਟਾ ਹੋਵੇਗਾ। ਸਾਊਦੀ ਅਰਬ ਵਿੱਚ ਸਖ਼ਤ ਇਸਲਾਮੀ ਕਾਨੂੰਨ ਲਾਗੂ ਹਨ ਅਤੇ ਸ਼ਰਾਬ ਪੀਣਾ ਹਰਾਮ ਮੰਨਿਆ ਜਾਂਦਾ ਹੈ ਅਤੇ ਇਸ ਲਈ ਇਸ ਦੀ ਵਿਕਰੀ ‘ਤੇ ਪਾਬੰਦੀ ਹੈ। ਸਾਊਦੀ ਅਰਬ ਦੀ ਇਸ ਮਨਜ਼ੂਰੀ ਤੋਂ ਬਾਅਦ ਹੁਣ ਪਾਕਿਸਤਾਨ ਦੀ ਸਰਕਾਰ ਦੁਚਿੱਤੀ ‘ਚ ਫਸ ਗਈ ਹੈ, ਜਿੱਥੇ ਅਧਿਕਾਰਤ ਤੌਰ ‘ਤੇ ਸ਼ਰਾਬ ‘ਤੇ ਪਾਬੰਦੀ ਹੈ, ਪਰ ਹਰ ਜਗ੍ਹਾ ਆਸਾਨੀ ਨਾਲ ਉਪਲਬਧ ਹੈ। ਸਾਊਦੀ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸਾਊਦੀ ਪ੍ਰਿੰਸ ਨੇ ਸੈਰ-ਸਪਾਟਾ ਅਤੇ ਕਾਰੋਬਾਰ ਵਧਾਉਣ ਲਈ ਸ਼ਰਾਬ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਦਰਅਸਲ ਸਾਲ 2030 ਤੱਕ ਸਾਊਦੀ ਅਰਬ ਤੇਲ ‘ਤੇ ਆਪਣੀ ਅਰਥਵਿਵਸਥਾ ਦੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ। ਦੁਨੀਆ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਇਹ ਤੈਅ ਹੈ ਕਿ ਭਵਿੱਖ ਵਿੱਚ ਤੇਲ ਦੀ ਖਰੀਦ ਘਟੇਗੀ। ਇਹੀ ਕਾਰਨ ਹੈ ਕਿ ਸਾਊਦੀ ਅਰਬ ਆਪਣੇ ਅੰਦਰ ਤੇਜ਼ੀ ਨਾਲ ਬਦਲਾਅ ਲਿਆਉਣਾ ਚਾਹੁੰਦਾ ਹੈ। ਸਾਊਦੀ ਅਰਬ ਦਾ ਗੁਆਂਢੀ ਦੇਸ਼ ਯੂਏਈ ਦੁਬਈ ਰਾਹੀਂ ਦੁਨੀਆ ਭਰ ਦੇ ਵਪਾਰ ਦਾ ਕੇਂਦਰ ਬਣ ਗਿਆ ਹੈ।

ਸਾਊਦੀ ਅਰਬ ਵਿੱਚ ਸ਼ਰਾਬ ਪੀਣ ਲਈ ਬਹੁਤ ਸਖ਼ਤ ਸਜ਼ਾ ਹੈ। ਇਸ ਵਿੱਚ ਸੈਂਕੜੇ ਕੋੜੇ, ਦੇਸ਼ ਨਿਕਾਲੇ, ਜੁਰਮਾਨੇ ਜਾਂ ਜੇਲ੍ਹ ਦੀਆਂ ਸਜ਼ਾਵਾਂ ਸ਼ਾਮਲ ਹਨ। ਹੁਣ ਕੋੜੇ ਮਾਰਨ ਦੀ ਸਜ਼ਾ ਘਟਾ ਦਿੱਤੀ ਗਈ ਹੈ ਅਤੇ ਜੇਲ੍ਹ ਦੀ ਸਜ਼ਾ ਨਾਲ ਬਦਲ ਦਿੱਤਾ ਗਿਆ ਹੈ। ਸਾਊਦੀ ਅਰਬ ਨੇ ਹਾਲ ਦੇ ਦਿਨਾਂ ‘ਚ ਕਈ ਸਖਤ ਨਿਯਮਾਂ ‘ਚ ਬਦਲਾਅ ਕੀਤਾ ਹੈ ਅਤੇ ਔਰਤਾਂ ਨੂੰ ਬੁਰਕਾ ਪਹਿਨਣ ‘ਤੇ ਵੀ ਰਾਹਤ ਦਿੱਤੀ ਹੈ। ਔਰਤਾਂ ਹੁਣ ਗੱਡੀ ਚਲਾ ਸਕਦੀਆਂ ਹਨ। ਸਾਊਦੀ ਅਰਬ ਹੁਣ ਗੈਰ-ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ। ਇਹ ਵਿਜ਼ਨ 2030 ਦੇ ਹਿਸਾਬ ਨਾਲ ਦਿੱਤਾ ਜਾ ਰਿਹਾ ਹੈ।