ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ‘ਚ ਟਿਕਟਾਂ ਦੀ ਵੰਡ ‘ਤੇ ਚੁੱਕੇ ਸਵਾਲ, ਕਾਂਗਰਸ ਹਾਈਕਮਾਂਡ ਨੂੰ ਲਿਖੀ ਚਿੱਠੀ

ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ‘ਚ ਟਿਕਟਾਂ ਦੀ ਵੰਡ ‘ਤੇ ਚੁੱਕੇ ਸਵਾਲ, ਕਾਂਗਰਸ ਹਾਈਕਮਾਂਡ ਨੂੰ ਲਿਖੀ ਚਿੱਠੀ

ਦੂਲੋ ਨੇ ਦੂਜੀਆਂ ਪਾਰਟੀਆਂ ਦੇ ਲੋਕਾਂ ‘ਤੇ ਭਰੋਸਾ ਦਿਖਾਉਣ ‘ਤੇ ਇਤਰਾਜ਼ ਜਤਾਇਆ ਹੈ ਅਤੇ ਹਾਈਕਮਾਂਡ ‘ਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ।

ਪੰਜਾਬ ਦੇ ਕਈ ਨੇਤਾਵਾਂ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਸਵਾਲ ਚੁਕੇ ਸਨ, ਹੁਣ ਸੀਨੀਅਰ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਦੂਲੋਂ ਨੇ ਵੀ ਪੰਜਾਬ ‘ਚ ਟਿਕਟਾਂ ਦੀ ਵੰਡ ਨੂੰ ਲੈ ਕੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਸਾਬਕਾ ਰਾਜ ਸਭਾ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਪਾਰਟੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਪੰਜਾਬ ‘ਚ ਟਿਕਟਾਂ ਦੀ ਵੰਡ ‘ਤੇ ਸਵਾਲ ਉਠਾਏ ਹਨ।

ਦੂਲੋ ਨੇ ਦੱਸਿਆ ਕਿ ਪੰਜਾਬ ਵਿੱਚ 12 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 7 ਅਜਿਹੇ ਹਨ ਜੋ ਦੂਜੀਆਂ ਪਾਰਟੀਆਂ ਤੋਂ ਆਏ ਹਨ। ਜਿਨ੍ਹਾਂ ਨੇ ਅੱਤਵਾਦ ਦੇ ਸਮੇਂ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ, ਉਹ ਹਰ ਔਖੀ ਘੜੀ ਵਿੱਚ ਪਾਰਟੀ ਦੇ ਨਾਲ ਰਹੇ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਦੂਲੋ ਨੇ ਦੂਜੀਆਂ ਪਾਰਟੀਆਂ ਦੇ ਲੋਕਾਂ ‘ਤੇ ਭਰੋਸਾ ਦਿਖਾਉਣ ‘ਤੇ ਇਤਰਾਜ਼ ਜਤਾਇਆ ਹੈ ਅਤੇ ਉਨ੍ਹਾਂ ‘ਤੇ ਟਕਸਾਲੀ ਕਾਂਗਰਸੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ।

ਦੂਲੋ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ਼ ਹੈ ਕਿ 12 ਸੀਟਾਂ ਵਿੱਚੋਂ ਬਹੁਤੀਆਂ ਹਾਰੀਆਂ ਜਾ ਰਹੀਆਂ ਹਨ। ਅਜੇ ਵੀ ਸਮਾਂ ਹੈ ਕਿ ਪਾਰਟੀ ਹਾਈਕਮਾਂਡ ਇਸ ਬਾਰੇ ਕੋਈ ਫੈਸਲਾ ਲੈ ਕੇ ਟਿਕਟਾਂ ਦੀ ਸਮੀਖਿਆ ਕਰੇ। ਜਿਸ ਤੋਂ ਬਾਅਦ ਉਹ ਪਾਰਟੀ ਲਈ ਪ੍ਰਚਾਰ ਕਰਨ ਬਾਰੇ ਆਪਣਾ ਫੈਸਲਾ ਲੈਣਗੇ। ਦੂਲੋ ਨੇ ਪੰਜਾਬ ‘ਚ ਕਾਂਗਰਸ ‘ਤੇ ਗੰਭੀਰ ਦੋਸ਼ ਲਾਏ, ਉਨ੍ਹਾਂ ਇੱਥੋਂ ਤੱਕ ਕਿਹਾ ਕਿ ਜਿਸ ਤਰ੍ਹਾਂ ਪਾਰਟੀ ਨੇ ਉਮੀਦਵਾਰ ਖੜ੍ਹੇ ਕੀਤੇ ਹਨ, ਉਸ ਤੋਂ ਸਾਫ਼ ਹੈ ਕਿ ਆਮ ਆਦਮੀ ਪਾਰਟੀ ਨਾਲ ਕੋਈ ਗੁਪਤ ਸਮਝੌਤਾ ਹੈ। ਕਾਂਗਰਸ ਨੇ ਹੁਸ਼ਿਆਰਪੁਰ ਵਿੱਚ ਬਹੁਤ ਕਮਜ਼ੋਰ ਉਮੀਦਵਾਰ ਉਤਾਰਿਆ। ਇਸੇ ਤਰ੍ਹਾਂ ਵਿਜੇ ਇੰਦਰ ਸਿੰਗਲਾ ਨੂੰ ਸੰਗਰੂਰ ਤੋਂ ਆਨੰਦਪੁਰ ਸਾਹਿਬ ਭੇਜਿਆ ਗਿਆ। ਫਰੀਦਕੋਟ ਵਿੱਚ ਵੀ ਕੋਈ ਯੋਗ ਉਮੀਦਵਾਰ ਨਹੀਂ ਦਿੱਤਾ ਗਿਆ। ਦੂਲੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਲੰਧਰ ਤੋਂ ਚੋਣ ਲੜਨ ‘ਤੇ ਵੀ ਸਵਾਲ ਚੁੱਕੇ ਹਨ।