‘ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ, ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ਹੋਣਾ ਚਾਹੀਦਾ ਹੈ, ਦੋਂਵਾਂ ਨੋ ਹੋਵੇਗਾ ਫਾਇਦਾ

‘ਆਪ’ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ, ਪੰਜਾਬ ‘ਚ ‘ਆਪ’-ਕਾਂਗਰਸ ਗਠਜੋੜ ਹੋਣਾ ਚਾਹੀਦਾ ਹੈ, ਦੋਂਵਾਂ ਨੋ ਹੋਵੇਗਾ ਫਾਇਦਾ

ਸੁਸ਼ੀਲ ਰਿੰਕੂ ਨੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮੇਅਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਗਠਜੋੜ ਨੇ ਦੋਵਾਂ ਪਾਰਟੀਆਂ ਨੂੰ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਮਦਦ ਕੀਤੀ ਹੈ।

ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਗਠਜੋੜ ਦੀਆ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹਿਆ ਸਨ। ਜਲੰਧਰ ਤੋਂ ਸੰਸਦ ਮੈਂਬਰ ਬਣਨ ਲਈ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਨਾਲ ਗਠਜੋੜ ਕਰਨ ਨਾਲ ਦੋਵਾਂ ਪਾਰਟੀਆਂ ਨੂੰ ਫਾਇਦਾ ਹੋਵੇਗਾ।

ਇਕ ਇੰਟਰਵਿਊ ਦੌਰਾਨ ਸੁਸ਼ੀਲ ਰਿੰਕੂ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਥਾਨਕ ਚੋਣਾਂ ਨਹੀਂ ਹਨ, ਸਗੋਂ ਇਹ ਦੇਸ਼ ਦੀ ਚੋਣ ਹੈ। ਇਹ ਲੋਕਤੰਤਰ ਲਈ ਅਤੇ ਲੋਕਤੰਤਰ ਨੂੰ ਬਚਾਉਣ ਲਈ ਲੜੀਆਂ ਜਾਣ ਵਾਲੀਆਂ ਚੋਣਾਂ ਹਨ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਪਾਸੇ ਰੱਖ ਕੇ ਵਡੇਰੇ ਹਿੱਤਾਂ ਅਤੇ ਲੋਕਤੰਤਰ ਲਈ ਕੰਮ ਕਰਨਾ ਚਾਹੀਦਾ ਹੈ।

ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮੇਅਰ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ‘ਆਪ’ ਦੇ ਗਠਜੋੜ ਨੇ ਦੋਵਾਂ ਪਾਰਟੀਆਂ ਨੂੰ ਚੰਡੀਗੜ੍ਹ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਮਦਦ ਕੀਤੀ ਹੈ। ਉਥੇ ਗਠਜੋੜ ਦਾ ਪ੍ਰਯੋਗ ਸਫਲ ਰਿਹਾ ਹੈ। ਜੇਕਰ ਦੇਸ਼ ਦੇ ਬਾਕੀ ਸੂਬਿਆਂ ਵਿੱਚ ਗਠਜੋੜ ਹੋ ਸਕਦਾ ਹੈ ਤਾਂ ਪੰਜਾਬ ਵਿੱਚ ਵੀ ਇਹ ਗਠਜੋੜ ਲਾਹੇਵੰਦ ਹੋ ਸਕਦਾ ਹੈ। ਕਾਂਗਰਸ ਅਤੇ ‘ਆਪ’ ਰਾਸ਼ਟਰੀ ਪੱਧਰ ‘ਤੇ ਬਣੇ INDI ਗਠਜੋੜ ਵਿਚ ਸ਼ਾਮਲ ਹਨ।

ਰਿੰਕੂ ਨੇ ਕਿਹਾ ਕਿ ਗਠਜੋੜ ਨੂੰ ਲੈ ਕੇ ਹਾਈਕਮਾਂਡ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ। ਹਾਲਾਂਕਿ ਬਿਨਾਂ ਕਿਸੇ ਗਠਜੋੜ ਦੇ ‘ਆਪ’ ਨੇ ਪਿਛਲੇ ਹਫ਼ਤੇ ਪੰਜਾਬ ਦੇ ਕੁੱਲ 13 ਸੰਸਦੀ ਹਲਕਿਆਂ ਵਿੱਚੋਂ ਅੱਠ ਸੰਸਦੀ ਹਲਕਿਆਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਮੁੜ ਉਮੀਦਵਾਰ ਬਣਾਇਆ ਗਿਆ ਹੈ। ‘ਆਪ’ ਵੱਲੋਂ ਐਲਾਨੇ ਅੱਠ ਉਮੀਦਵਾਰਾਂ ਵਿੱਚੋਂ ਪੰਜ ਮਾਨ ਸਰਕਾਰ ਵਿੱਚ ਮੰਤਰੀ ਹਨ।