- ਪੰਜਾਬ
- No Comment
ਪਟਿਆਲਾ ‘ਚ ਕਾਂਗਰਸ ਲਈ ਮੁਸੀਬਤ ਵਧੀ, ਟਕਸਾਲੀ ਕਾਂਗਰਸੀ ਨੇਤਾਵਾਂ ਨੇ ਪਾਰਟੀ ਉਮੀਦਵਾਰ ਡਾ. ਗਾਂਧੀ ਖਿਲਾਫ ਬੁਲਾਈ ਮੀਟਿੰਗ
ਟਕਸਾਲੀ ਕਾਂਗਰਸ ਆਗੂਆਂ ਦੀ ਨਰਾਜ਼ਗੀ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਸੀ, ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਹੁਣ ਟਕਸਾਲੀ ਆਗੂ 20 ਅਪ੍ਰੈਲ ਨੂੰ ਰਾਜਪੁਰਾ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣਗੇ।
ਪੰਜਾਬ ਕਾਂਗਰਸ ਵਿਚ ਇਕ ਵਾਰ ਫਿਰ ਆਪਸੀ ਟਕਰਾਅ ਵੇਖਣ ਨੂੰ ਮਿਲ ਰਿਹਾ ਹੈ। ਪਟਿਆਲਾ ਲੋਕ ਸਭਾ ਸੀਟ ‘ਤੇ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਲਗਾਤਾਰ ਵਿਰੋਧ ਦੇ ਬਾਵਜੂਦ ਪਾਰਟੀ ਹਾਈਕਮਾਂਡ ਵੱਲੋਂ ਡਾ. ਗਾਂਧੀ ਨੂੰ ਟਿਕਟ ਦਿੱਤੇ ਜਾਣ ਕਾਰਨ ਪੁਰਾਣੇ ਕਾਂਗਰਸੀਆਂ ਵਿੱਚ ਭਾਰੀ ਰੋਸ ਹੈ। ਅਜਿਹੇ ‘ਚ ਪੁਰਾਣੇ ਕਾਂਗਰਸੀਆਂ ਨੇ ਆਪਣਾ ਬਾਗੀ ਰਵੱਈਆ ਦਿਖਾਉਂਦੇ ਹੋਏ 20 ਅਪ੍ਰੈਲ ਨੂੰ ਰਾਜਪੁਰਾ ‘ਚ ਮੀਟਿੰਗ ਬੁਲਾਈ ਹੈ।
ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਡਾ. ਗਾਂਧੀ ਨੂੰ ਟਿਕਟ ਦਿੱਤੇ ਜਾਣ ਕਾਰਨ ਰਵਾਇਤੀ ਕਾਂਗਰਸੀਆਂ ਵਿੱਚ ਗੁੱਸਾ ਹੈ ਅਤੇ ਇਸ ਲਈ 20 ਅਪਰੈਲ ਨੂੰ ਰਾਜਪੁਰਾ ਵਿੱਚ ਸਮੂਹ ਸੀਨੀਅਰ ਕਾਂਗਰਸੀ ਆਗੂਆਂ ਨਾਲ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਰੱਖੀ ਗਈ ਹੈ। ਇਸ ਵਿੱਚ ਸਾਬਕਾ ਵਿਧਾਇਕਾਂ ਅਤੇ ਮੰਤਰੀਆਂ ਨਾਲ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾ. ਧਰਮਵੀਰ ਗਾਂਧੀ ਨੂੰ ਰਵਾਇਤੀ ਕਾਂਗਰਸੀਆਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਮਦਨ ਲਾਲ ਜਲਾਲਪੁਰ, ਰਜਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਲਾਲ ਸਿੰਘ ਡਾ. ਗਾਂਧੀ ਖ਼ਿਲਾਫ਼ ਮੋਰਚਾ ਖੋਲ੍ਹ ਰਹੇ ਹਨ। ਟਕਸਾਲੀ ਆਗੂਆਂ ਦੀ ਨਰਾਜ਼ਗੀ ਨੂੰ ਦੇਖਦਿਆਂ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਮੀਟਿੰਗ ਕੀਤੀ ਸੀ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਹੁਣ ਟਕਸਾਲੀ ਆਗੂ 20 ਅਪ੍ਰੈਲ ਨੂੰ ਰਾਜਪੁਰਾ ਵਿੱਚ ਮੀਟਿੰਗ ਕਰਕੇ ਅਗਲੀ ਰਣਨੀਤੀ ਬਣਾਉਣਗੇ।