ਅਮਰੀਕੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਗਰਭਪਾਤ ਦੀਆਂ ਗੋਲੀਆਂ ‘ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ਕੀਤੀ ਖਾਰਜ

ਅਮਰੀਕੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਗਰਭਪਾਤ ਦੀਆਂ ਗੋਲੀਆਂ ‘ਤੇ ਪਾਬੰਦੀ ਲਗਾਉਣ ਦੀ ਪਟੀਸ਼ਨ ਕੀਤੀ ਖਾਰਜ

ਗਰਭਪਾਤ ਦਾ ਅਧਿਕਾਰ ਅਮਰੀਕੀ ਚੋਣਾਂ ‘ਚ ਪ੍ਰਮੁੱਖ ਮੁੱਦਿਆਂ ‘ਚੋਂ ਇਕ ਹੈ ਅਤੇ ਬਿਡੇਨ ਪ੍ਰਸ਼ਾਸਨ ਨੇ ਅਦਾਲਤ ਨੂੰ ਦਵਾਈ ਦੀ ਉਪਲਬਧਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਸੀ।

ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਦੀਆਂ ਗੋਲੀਆਂ ਨੂੰ ਲੈ ਕੇ ਇਕ ਵੱਡਾ ਫੈਸਲਾ ਦਿਤਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਗਰਭਪਾਤ ਲਈ ਵਿਆਪਕ ਤੌਰ ‘ਤੇ ਵਰਤੀ ਜਾਂਦੀ ਗੋਲੀ ‘ਤੇ ਪਾਬੰਦੀ ਲਗਾਉਣ ਦੀ ਮੰਗ ਨੂੰ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਸਰਬਸੰਮਤੀ ਨਾਲ ਫੈਸਲਾ ਸੁਣਾਇਆ ਕਿ ਗਰਭਪਾਤ ਵਿਰੋਧੀ ਸਮੂਹਾਂ ਅਤੇ ਡਰੱਗ ਮਿਫੇਪ੍ਰਿਸਟੋਨ ਨੂੰ ਚੁਣੌਤੀ ਦੇਣ ਵਾਲੇ ਡਾਕਟਰਾਂ ਕੋਲ ਕੇਸ ਲਿਆਉਣ ਲਈ ਕਾਨੂੰਨੀ ਸਥਿਤੀ ਨਹੀਂ ਹੈ।

ਖਾਸ ਗੱਲ ਇਹ ਹੈ ਕਿ ਗਰਭਪਾਤ ਦਾ ਅਧਿਕਾਰ ਅਮਰੀਕੀ ਚੋਣਾਂ ‘ਚ ਪ੍ਰਮੁੱਖ ਮੁੱਦਿਆਂ ‘ਚੋਂ ਇਕ ਹੈ ਅਤੇ ਬਿਡੇਨ ਪ੍ਰਸ਼ਾਸਨ ਨੇ ਅਦਾਲਤ ਨੂੰ ਦਵਾਈ ਦੀ ਉਪਲਬਧਤਾ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਸੀ। ਦਵਾਈ ਨੂੰ ਸਾਲ 2000 ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੁਆਰਾ ਮਨਜ਼ੂਰੀ ਦਿੱਤੀ ਗਈ ਸੀ। ਗਰਭਪਾਤ ਨੂੰ ਲੈ ਕੇ ਅਮਰੀਕਾ ਵਿੱਚ ਵਿਆਪਕ ਬਹਿਸ ਚੱਲ ਰਹੀ ਹੈ ਅਤੇ ਇਹ ਇੱਕ ਵੱਡਾ ਚੋਣ ਮੁੱਦਾ ਵੀ ਬਣ ਗਿਆ ਹੈ।

ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਗਰਭਪਾਤ ‘ਤੇ ਲੜਾਈ ਜਾਰੀ ਰਹੇਗੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਚੋਣਾਂ ਵਿਚ ਰਿਪਬਲਿਕਨ ਪਾਰਟੀ ਦੀ ਅਗਵਾਈ ਕਰਦੇ ਹਨ ਅਤੇ ਉਨ੍ਹਾਂ ਦੀ ਪਾਰਟੀ ਗਰਭਪਾਤ ਨੂੰ ਲੈ ਕੇ ਬਿਲਕੁਲ ਵੱਖਰੀ ਰਾਏ ਹੈ। ਟਰੰਪ ਅਤੇ ਉਨ੍ਹਾਂ ਦੀ ਪਾਰਟੀ ਵਿਆਪਕ ਤੌਰ ‘ਤੇ ਗਰਭਪਾਤ ‘ਤੇ ਪਾਬੰਦੀਆਂ ਦਾ ਸਮਰਥਨ ਕਰਦੀ ਹੈ। ਸੁਪਰੀਮ ਕੋਰਟ ‘ਚ ਮਾਈਫੇਪ੍ਰਿਸਟੋਨ ਮਾਮਲੇ ਦੀ ਸੁਣਵਾਈ ਬੇਹੱਦ ਅਹਿਮ ਸੀ ਕਿਉਂਕਿ ਦੋ ਸਾਲ ਪਹਿਲਾਂ ਕੋਰਟ ਨੇ ਗਰਭਪਾਤ ਦੇ ਸੰਵਿਧਾਨਕ ਅਧਿਕਾਰ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੌਰਾਨ, ਸੁਪਰੀਮ ਕੋਰਟ ਦੇ ਫੈਸਲੇ ਬਾਰੇ ਰਾਸ਼ਟਰਪਤੀ ਬਿਡੇਨ ਨੇ ਕਿਹਾ, “ਫੈਸਲਾ ਇਸ ਤੱਥ ਨੂੰ ਨਹੀਂ ਬਦਲਦਾ ਕਿ ਪ੍ਰਜਨਨ ਆਜ਼ਾਦੀ ਲਈ ਲੜਾਈ ਜਾਰੀ ਹੈ, ਗਰਭਪਾਤ ਦੀ ਦਵਾਈ ‘ਤੇ ਹਮਲਾ ਅਤੇ ਪਾਬੰਦੀ ਦੀ ਮੰਗ ਖਤਰਨਾਕ ਏਜੰਡੇ ਦਾ ਹਿੱਸਾ ਹਨ।”