ਪੀਐੱਮ ਮੋਦੀ ਨੇ ਮੈਕਰੋਨ ਦੇ ਡਿਨਰ ‘ਚ ਕੀਤੀ ਸ਼ਿਰਕਤ, ਮੈਕਰੋਨ ਨੇ ਕਿਹਾ ਭਾਰਤ ਸਾਡਾ ਸੱਚਾ ਦੋਸਤ, ਫਰਾਂਸ-ਭਾਰਤ ਸਾਂਝੇ ਤੌਰ ‘ਤੇ ਲੜਾਕੂ ਜਹਾਜ਼ਾਂ ਦੇ ਇੰਜਣ ਬਣਾਉਣਗੇ

ਪੀਐੱਮ ਮੋਦੀ ਨੇ ਮੈਕਰੋਨ ਦੇ ਡਿਨਰ ‘ਚ ਕੀਤੀ ਸ਼ਿਰਕਤ, ਮੈਕਰੋਨ ਨੇ ਕਿਹਾ ਭਾਰਤ ਸਾਡਾ ਸੱਚਾ ਦੋਸਤ, ਫਰਾਂਸ-ਭਾਰਤ ਸਾਂਝੇ ਤੌਰ ‘ਤੇ ਲੜਾਕੂ ਜਹਾਜ਼ਾਂ ਦੇ ਇੰਜਣ ਬਣਾਉਣਗੇ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨਾ ਸਿਰਫ਼ ਦੋਵਾਂ ਦੇਸ਼ਾਂ ਦੀ ਬਿਹਤਰੀ ਲਈ ਸਗੋਂ ਵਿਸ਼ਵ ਸੁਰੱਖਿਆ ਅਤੇ ਸ਼ਾਂਤੀ ਲਈ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੌਰੇ ਨੂੰ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੀ ਆਪਣੀ ਦੋ ਦਿਨਾਂ ਯਾਤਰਾ ਖਤਮ ਕਰਨ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ, ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਲੂਵਰ ਮਿਊਜ਼ੀਅਮ ਵਿੱਚ ਉਨ੍ਹਾਂ ਲਈ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਫਰਾਂਸ ਨਾ ਸਿਰਫ਼ ਦੋਵਾਂ ਦੇਸ਼ਾਂ ਦੀ ਬਿਹਤਰੀ ਲਈ ਸਗੋਂ ਵਿਸ਼ਵ ਸੁਰੱਖਿਆ ਅਤੇ ਸ਼ਾਂਤੀ ਲਈ ਵੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ ਮੈਨੂੰ ਫਰਾਂਸ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਮੇਰੇ ਅਤੇ ਸਾਰੇ ਭਾਰਤੀਆਂ ਲਈ ਮਾਣ ਅਤੇ ਸਨਮਾਨ ਦੀ ਗੱਲ ਹੈ। ਪਿਛਲੇ 25 ਸਾਲਾਂ ‘ਚ ਦੁਨੀਆ ਨੇ ਕਈ ਉਤਰਾਅ-ਚੜ੍ਹਾਅ ਦੇਖੇ ਹਨ, ਫਿਰ ਵੀ ਭਾਰਤ ਅਤੇ ਫਰਾਂਸ ਦੀ ਦੋਸਤੀ ਮਜ਼ਬੂਤ ​​ਬਣੀ ਹੋਈ ਹੈ।

ਪੀਐਮ ਮੋਦੀ ਦੇ ਦੌਰੇ ਮੌਕੇ ਭਾਰਤ ਅਤੇ ਫਰਾਂਸ ਵਿਚਾਲੇ 3 ਸਕਾਰਪੀਨ ਸ਼੍ਰੇਣੀ ਦੀਆਂ ਪਣਡੁੱਬੀਆਂ ਅਤੇ ਲੜਾਕੂ ਜਹਾਜ਼ਾਂ ਦੇ ਇੰਜਣ ਇਕੱਠੇ ਬਣਾਉਣ ਦਾ ਸੌਦਾ ਹੋਇਆ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੀ ਰਾਸ਼ਟਰੀ ਦਿਵਸ ਪਰੇਡ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੋਵਾਂ ਦੇਸ਼ਾਂ ਵੱਲੋਂ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੂੰ ਚੰਦਨ ਦੀ ਬਣੀ ਸਿਤਾਰ ਦਾ ਤੋਹਫਾ ਦਿੱਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਨ ਦੀ ਪਤਨੀ ਬ੍ਰਿਜੇਟ ਮੈਕਰੋਨ ਨੂੰ ਚੰਦਨ ਦੇ ਬਕਸੇ ਵਿੱਚ ਪੋਚਮਪਲੀ ਇਕਾਤ ਤੋਹਫੇ ਵਜੋਂ ਦਿੱਤੀ। ਇਹ “ਪਗਡੂ ਬੰਧੂ” ਸ਼ੈਲੀ ਵਿੱਚ ਰੰਗੇ ਜਿਓਮੈਟ੍ਰਿਕਲ ਪੈਟਰਨਾਂ ਵਾਲੀ ਇੱਕ ਰਵਾਇਤੀ ਤੇਲੰਗਾਨਾ ਸਾੜੀ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਨੇ ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੈਥ ਬੋਰਨ ਨੂੰ ਇੱਕ ‘ਸੰਗਮਰਮਰ ਦੇ ਇਨਲੇ ਵਰਕ ਟੇਬਲ’ ਅਤੇ ਫਰਾਂਸੀਸੀ ਨੈਸ਼ਨਲ ਅਸੈਂਬਲੀ ਦੇ ਸਪੀਕਰ, ਯੇਲੇ ਬਰੌਨ-ਪੀਵੇਟ ਨੂੰ ਹੱਥਾਂ ਨਾਲ ਬੁਣਿਆ ‘ਸਿਲਕ ਕਸ਼ਮੀਰੀ ਕਾਰਪੇਟ’ ਤੋਹਫੇ ਵਜੋਂ ਦਿਤਾ। ਰਾਤ ਦੇ ਖਾਣੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਮੈਕਰੋਨ ਦੀ ਸਰਕਾਰੀ ਰਿਹਾਇਸ਼ ਐਲਸੀ ਪੈਲੇਸ ਪਹੁੰਚੇ। ਮੋਦੀ ਦਾ ਇੱਥੇ ਮੈਕਰੋਨ ਅਤੇ ਉਨ੍ਹਾਂ ਦੀ ਪਤਨੀ ਬ੍ਰਿਜੇਟ ਮੈਕਰੋਨ ਨੇ ਸਵਾਗਤ ਕੀਤਾ। ਇਸ ਤੋਂ ਬਾਅਦ ਪੈਲੇਸ ‘ਚ ਦੋਵਾਂ ਆਗੂਆਂ ਵਿਚਾਲੇ ਵਫ਼ਦ ਪੱਧਰੀ ਗੱਲਬਾਤ ਹੋਈ। ਫਿਰ ਉਨ੍ਹਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਨੂੰ ਵੀ ਸੰਬੋਧਨ ਕੀਤਾ।